ਆਉ ਜਾਣਦੇ ਹਾਂ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ”ਇਹ ਪਾਵਨ ਅਸਥਾਨ ਮੀਰੀ-ਪੀਰੀ ਦੇ ਮਾਲਕ ਸਤਿਗੁਰੂ, ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸੰਬੰਧਤ ਹੈ । ਗੁਰੂ ਹਰਿਗੋਬਿੰਦ ਸਾਹਿਬ ਕਰਤਾਰਪੁਰ ਤੋਂ ਸ਼ਿ ਕਾ ਰ ਖੇਡਦੇ ਬੋਦਲ ਪਿੰਡ ਦੇ ਨਜ਼ਦੀਕ ਪਹੁੰਚੇ ਤੇ ਕੁਝ ਸਮੇਂ ਲਈ ਗਰਨੇ ਦੇ ਦਰਖ਼ਤ ਹੇਠ ਬਿਰਾਜੇ । ਇਹ ਇਲਾਕਾ ਉਸ ਸਮੇਂ ਗਰਨੇ ਦੇ ਦਰਖ਼ਤਾਂ ਨਾਲ ਭਰਪੂਰ ਸੀ । ਇਸ ਅਸਥਾਨ ‘ਤੇ ਹੀ ਗੁਰੂ ਜੀ ਨੇ ਪਿੰਡ ਬੋਦਲ ਦੇ ‘ਚੂਹੜ ’ ਨੂੰ ਰੱਬੀ ਬਾਣੀ ਦਾ ਕੀਰਤਨ ਕਰਨ ਲਈ ਕਿਹਾ ਅਤੇ ਉਸ ਨੂੰ ਕੀਰਤਨ ਕਰਨ ਲਈ ਗੁਰੂ ਜੀ ਨੇ ਰਬਾਬ ਦੀ ਬਖਸ਼ਿਸ਼ ਕੀਤੀ । ਗੁਰੂ ਜੀ ਇਥੋਂ ਹਰਿਗੋਬਿੰਦਪੁਰ ਦੇ ਅਸਥਾਨ ‘ਤੇ ਪਹੁੰਚੇ । ਇਸ ਅਸਥਾਨ ਦੀ ਸੇਵਾ ਪਹਿਲਾਂ ਸਰਦਾਰ ਜੋਧ ਸਿੰਘ ਨੇ ਕਰਵਾਈ। ਕਾਫੀ ਸਮਾਂ ਇਹ ਅਸਥਾਨ ਨਿਹੰਗ ਸਿੰਘਾਂ ਦਾ ਪੜਾਅ ਰਿਹਾ । ਨਿਹੰਗ ਸਿੰਘ ਹੀ ਗੁਰ-ਅਸਥਾਨ ਦੀ ਸੇਵਾ-ਸੰਭਾਲ ਕਰਦੇ ਸਨ । ਹੁਣ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਹੈ । ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ 1974 ਈ: ਵਿਚ ਬਣਾਈ ਗਈ ਸੀ । ਇਸ ਅਸਥਾਨ ‘ਤੇ ਪਹਿਲੀ, ਪੰਜਵੀਂ, ਛੇਵੀਂ ਤੇ ਦਸਵੀਂ ਪਾਤਸ਼ਾਹੀ ਦੇ ਆਗਮਨ ਗੁਰਪੁਰਬ ਤੇ ਵਿਸਾਖੀ ਦਾ ਦਿਹਾੜਾ ਵਿਸ਼ੇਸ਼ ਤੌਰ ‘ਤੇ ਮਨਾਏ ਜਾਂਦੇ ਹਨ । ਇਹ ਇਤਿਹਾਸਕ ਅਸਥਾਨ ਪਿੰਡ ਬੋਦਲ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਵਿਚ, ਦਸੂਹਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੋਂ ਲਗਭਗ 4 ਕਿਲੋਮੀਟਰ ਦੀ ਦੂਰੀ ‘ਤੇ ਜਲੰਧਰ-ਪਠਾਨਕੋਟ ਰੋਡ ‘ਤੇ ਸਥਿਤ ਹੈ । ਨੇੜੇ ਹੀ ਗੁਰਦੁਆਰਾ ਟੱਕਰ ਸਾਹਿਬ ਨਾਨਕ ਦਰਬਾਰ ਦਰਸ਼ਨ ਕਰਨ ਯੋਗ ਹੈ ।
ਯਾਤਰੂਆਂ ਲਈ ਲੰਗਰ-ਪ੍ਰਸ਼ਾਦਿ ਤੇ ਰਹਾਇਸ਼ ਦਾ ਪ੍ਰਬੰਧ ਵਧੀਆ ਹੈ । ਰਿਹਾਇਸ਼ ਵਾਸਤੇ 15 ਕਮਰੇ ਬਣੇ ਹੋਏ ਹਨ । ਵਧੇਰੇ ਜਾਣਕਾਰੀ ਲਈ 01883-51062 ਨੰਬਰ ‘ਤੇ ਫੋਨ ਕੀਤਾ ਜਾ ਸਕਦਾ ਹੈ ।ਇਸ ਇਤਿਹਾਸਕ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
