ਪੱਛਮੀ ਬੰਗਾਲ ਦੀਆਂ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਪੂਰੇ ਮੁਲਕ ਦੀਆਂ ਨਜ਼ਰਾਂ ਇਸ ਸੂਬੇ ਤੇ ਲੱਗੀਆਂ ਹੋਈਆਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਨ੍ਹਾਂ ਚੋਣਾਂ ਨੂੰ ਆਪਣੇ ਵੱਕਾਰ ਦਾ ਸਵਾਲ ਬਣਾਇਆ ਹੋਇਆ ਸੀ। ਜਿੱਥੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਪੱਛਮੀ ਬੰਗਾਲ ਵਿੱਚ ਚੋਣ ਰੈਲੀਆਂ ਕਰ ਰਹੇ ਸਨ। ਉਥੇ ਹੀ ਬੀਜੇਪੀ ਦੇ ਸਾਰੇ ਛੋਟੇ-ਵੱਡੇ ਲੀਡਰ ਪੱਛਮੀ ਬੰਗਾਲ ਵਿੱਚ ਸਰਗਰਮ ਸਨ।
ਉਨ੍ਹਾਂ ਦੀ ਇੱਛਾ ਸੀ ਕਿ ਹਰ ਹੀਲੇ ਇਹ ਚੋਣਾਂ ਜਿੱਤੀਆਂ ਜਾਣ ਪਰ ਜਨਤਾ ਨੇ ਫਤਵਾ ਤ੍ਰਿਣਮੂਲ ਕਾਂਗਰਸ ਦੇ ਹੱਕ ਵਿੱਚ ਦਿੱਤਾ ਹੈ। ਮਮਤਾ ਬੈਨਰਜੀ ਦਾ ਮੁੱਖ ਮੰਤਰੀ ਬਣਨਾ ਲਗਪਗ ਤੈਅ ਹੋ ਗਿਆ ਹੈ। ਇਸ ਸਮੇਂ ਸਿੰਘੂ ਬਾਰਡਰ ਤੇ ਜਸ਼ਨ ਵਾਲਾ ਮਾਹੌਲ ਹੈ। ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਖ ਵੱਖ ਆਗੂ ਇਨ੍ਹਾਂ ਚੋਣਾਂ ਵਿੱਚ ਬੀਜੇਪੀ ਨੂੰ ਹਰਾਉਣ ਲਈ ਪੱਛਮੀ ਬੰਗਾਲ ਵਿਚ ਪਹੁੰਚੇ ਸਨ।
ਉਨ੍ਹਾਂ ਨੇ ਆਪਣੇ ਵੱਲੋਂ ਪੂਰਾ ਪ੍ਰਚਾਰ ਕੀਤਾ ਸੀ। ਹੁਣ ਬੀਜੇਪੀ ਦੀ ਹਾਰ ਹੋਣ ਨਾਲ ਕਿਸਾਨ ਮੋਰਚੇ ਵਿਚ ਖੁਸ਼ੀ ਦੀ ਲਹਿਰ ਹੈ। ਉਥੇ ਲੱਡੂ ਵੰਡੇ ਜਾ ਰਹੇ ਹਨ। ਕਿਸਾਨ ਮੋਰਚੇ ਨੂੰ ਜਾਪ ਰਿਹਾ ਹੈ ਕਿ ਹੁਣ ਕੇਂਦਰ ਸਰਕਾਰ ਨੂੰ 3 ਖੇਤੀ ਕਾਨੂੰਨ ਰੱਦ ਕਰਨੇ ਹੀ ਪੈਣਗੇ। ਇਹ ਕਿਸਾਨ ਆਗੂ ਪੱਛਮੀ ਬੰਗਾਲ ਤੋਂ ਬਾਅਦ 2022 ਵਿੱਚ ਆਪਣਾ ਅਗਲਾ ਨਿਸ਼ਾਨਾ ਉੱਤਰ ਪ੍ਰਦੇਸ਼ ਨੂੰ ਦੱਸ ਰਹੇ ਹਨ।
ਜਿੱਥੇ ਕਿ ਇਸ ਵੇਲੇ ਬੀਜੇਪੀ ਦੀ ਸਰਕਾਰ ਹੈ। ਇਨ੍ਹਾਂ ਕਿਸਾਨਾਂ ਦਾ ਖਿਆਲ ਹੈ ਕਿ 2022 ਵਿਚ ਉੱਤਰ ਪ੍ਰਦੇਸ਼ ਵਿੱਚੋਂ ਬੀਜੇਪੀ ਨੂੰ ਹਰਾ ਕੇ 2024 ਦੀਆਂ ਚੋਣਾਂ ਵਿੱਚ ਮੌਜੂਦਾ ਕੇਂਦਰ ਸਰਕਾਰ ਨੂੰ ਚਲਦਾ ਕਰ ਦਿੱਤਾ ਜਾਵੇ। ਇਨ੍ਹਾਂ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਹੁਣ ਕੇਂਦਰ ਸਰਕਾਰ ਨੂੰ 3 ਖੇਤੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ ਨਹੀਂ ਤਾਂ ਉਹ ਆਪਣੀਆਂ ਮੰਗਾਂ ਮੰਨੇ ਜਾਣ ਤੱਕ ਇੱਥੇ ਹੀ ਧਰਨੇ ਤੇ ਬੈਠੇ ਰਹਿਣਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
