Home / ਤਾਜ਼ਾ ਖਬਰਾਂ / ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਖੇਤਾਂ ਨੂੰ ਪਾਣੀ ਕਿਉ ਦਿੱਤਾ ਜੀ ਜਾਣੋ…ਸ਼ੇਅਰ ਜਰੂਰ ਕਰਿਓ…

ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਖੇਤਾਂ ਨੂੰ ਪਾਣੀ ਕਿਉ ਦਿੱਤਾ ਜੀ ਜਾਣੋ…ਸ਼ੇਅਰ ਜਰੂਰ ਕਰਿਓ…

ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਖੇਤਾਂ ਨੂੰ ਪਾਣੀ ਕਿਉ ਦਿੱਤਾ ਜੀ ਜਾਣੋ ਇਤਿਹਾਸ ‘ਗੁਰੂ ਨਾਨਕ ਦੇਵ ਜੀ ਦੀ ਹਰਿਦੁਆਰ ਫੇਰੀ
ਆਪਣੇ ਧਰਮ ਅਸਥਾਨਾਂ ਦੀ ਨਿਸ਼ਾਨਦੇਹੀ ਕਰਨਾ, ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਅਤੇ ਉਥੋਂ ਉਜਾਗਰ ਹੁੰਦੇ ਨਾਯਾਬ ਸਿਧਾਂਤਾਂ ਅਤੇ ਸੰਕਲਪਾਂ ਦਾ ਪ੍ਰਚਾਰ-ਪ੍ਰਸਾਰ ਕਰਨਾ ਸਾਡਾ ਕੌਮੀ ਫਰਜ਼ ਹੈ। ਇਤਿਹਾਸ ਸਾਖੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ‘ਉਦਾਸੀਆਂ’ ਰਾਹੀਂ ਸਾਰੀ ਦੁਨੀਆ ਦਾ ਭਰਮਣ ਕਰਕੇ ਲੋਕਾਂ ਨੂੰ ਰੂਹਾਨੀਅਤ ਦਾ ਨਵਾਂ ਰਾਹ ਦਿਖਾਇਆ ਸੀ। ਭਰਮ-ਭੁਲੇਖਿਆਂ ਵਿਚ ਫਸੀ ਲੋਕਾਈ ਨੂੰ ਰੱਬੀ ਰਾਹ ‘ਤੇ ਤੋਰਿਆ ਸੀ।ਆਪਣੀ ਪਹਿਲੀ ਉਦਾਸੀ ਦੌਰਾਨ ਗੁਰੂ ਨਾਨਕ ਪਾਤਸ਼ਾਹ ਕੁਰੂਕਸ਼ੇਤਰ ਹੁੰਦੇ ਹੋਏ ਹਰਿਦੁਆਰ ਵਿਖੇ ‘ਹਰਿ ਕੀ ਪੌੜੀ’ ਵਾਲੀ ਥਾਂ ‘ਤੇ ਪਹੁੰਚ ਗਏ ਸਨ ਅਤੇ ਗੰਗਾ ਨਦੀ ਵਿਚ ਉਤਰ ਕੇ ਇਕ ਅਜਿਹਾ ਕ੍ਰਿਸ਼ਮਈ ਕੌਤਕ ਵਰਤਾਇਆ ਸੀ, ਜਿਸ ਨੇ ਹਾਜ਼ਰ ਹਜ਼ਾਰਾਂ-ਲੱਖਾਂ ਲੋਕਾਂ ਨੂੰ ਭਰਮਾਂ-ਵਹਿਮਾਂ ਤੋਂ ਮੁਕਤ ਕਰਕੇ ਇਕ ਨਵੀਂ ਰੌਸ਼ਨੀ ਦਿੱਤੀ ਸੀ ਅਤੇ ਉਨ੍ਹਾਂ ਦੀ ਧਾਰਮਿਕ ਸੋਚ ਦੀ ਨੁਹਾਰ ਬਦਲ ਦਿੱਤੀ ਸੀ। ਪਰ ਅੱਜ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ‘ਹਰਿ ਕੀ ਪੌੜੀ’ ਹਰਿਦੁਆਰ ਵਾਲਾ ਇਤਿਹਾਸਕ ਯਾਦਗਾਰੀ ਅਸਥਾਨ, ਜਿਸ ਨੂੰ ‘ਗੁਰਦੁਆਰਾ ਗਿਆਨ ਗੋਦੜੀ’ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ, ਆਪਣੀ ਹੋਂਦ ਗੁਆ ਚੁੱਕਾ ਹੈ। ਲੋੜ ਹੈ ਵੱਡੇ ਇਤਿਹਾਸਕ ਮਹੱਤਵ ਵਾਲੇ ਇਸ ਧਰਮ ਅਸਥਾਨ ਦੀ ਨਿਸ਼ਾਨਦੇਹੀ ਕਰਨ ਦੀ ਅਤੇ ਉਸ ਨੂੰ ਮੁੜ ਸਥਾਪਤ ਕਰਨ ਦੀ। ਬਹੁਤ ਸਾਰੀਆਂ ਇਤਿਹਾਸਕ ਲਿਖਤਾਂ ਵਿਚ ਪ੍ਰਮੁੱਖਤਾ ਨਾਲ ਗੁਰੂ ਨਾਨਕ ਸਾਹਿਬ ਦੀ ਹਰਿਦੁਆਰ ਫੇਰੀ ਦਾ

ਵਿਸਥਾਰ ਸਾਂਭਿਆ ਪਿਆ ਹੈ। ਕੁਝ ਕੁ ਲਿਖਤਾਂ ਵਿਚੋਂ ਪ੍ਰਾਪਤ ਜਾਣਕਾਰੀ ਇਥੇ ਸਾਂਝੀ ਕਰ ਰਿਹਾ ਹਾਂ। ਜਨਮ-ਸਾਖੀਆਂ ਵਿਚ ਹਰਿਦੁਆਰ ਦੀ ਯਾਤਰਾ ਵੇਲੇ ਵਾਪਰਿਆ ਘਟਨਾਕ੍ਰਮ ਬਾਖੂਬੀ ਦਰਜ ਹੈ। ਪ੍ਰਸਿੱਧ ਇਤਿਹਾਸਕਾਰ ਡਾ: ਕਿਰਪਾਲ ਸਿੰਘ ਨੇ ਮਿਹਰਬਾਨ ਵਾਲੀ ਜਨਮ-ਸਾਖੀ ਅਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਦੇ ਹਵਾਲੇ ਨਾਲ ਇਸ ਸਾਖੀ ਦਾ ਵੇਰਵਾ ਇਸ ਤਰ੍ਹਾਂ ਅੰਕਿਤ ਕੀਤਾ ਹੈ-‘ਜਦੋਂ ਗੁਰੂ ਨਾਨਕ ਸਾਹਿਬ ਹਰਿਦੁਆਰ ਗਏ, ਵਿਸਾਖੀ ਦੇ ਮੇਲੇ ਕਰਕੇ ਯਾਤਰੂਆਂ ਦੀ ਬਹੁਤ ਭੀੜ ਸੀ। ਗੁਰੂ ਜੀ ਗੰਗਾ ਵਿਚ ਖਲੋ ਗਏ। ਸਾਰੇ ਇਸ਼ਨਾਨ ਕਰਨ ਵਾਲੇ ਯਾਤਰੂ ਸੂਰਜ ਨੂੰ ਪਾਣੀ ਦਿੰਦੇ ਸਨ ਪਰ ਗੁਰੂ ਜੀ ਨੇ ਗੰਗਾ ਵਿਚ ਖਲੋ ਕੇ ਪੱਛਮ ਵੱਲ ਪਾਣੀ ਦੇਣਾ ਅਰੰਭ ਕਰ ਦਿੱਤਾ। ਸਭ ਪਾਸੇ ਰੌਲਾ ਪੈ ਗਿਆ। ਸਭ ਕਹਿਣ ਲੱਗੇ ਇਹ ਪੱਛਮ ਵੱਲ ਪਾਣੀ ਦੇਣ ਵਾਲਾ ਕੌਣ ਹੈ? ਕਿਸੇ ਕਿਹਾ ਇਹ ਤਾਂ ਕੋਈ ਦੀਵਾਨਾ ਹੈ। ਕਿਸੇ ਕਿਹਾ ਇਹ ਕੋਈ ਤੁਰਕ ਹੈ। ਕਿਸੇ ਹੋਰ ਨੇ ਕਿਹਾ ਕਿ ਇਸ ਕੋਲੋਂ ਪੁੱਛੋ ਕਿ ਪਾਣੀ ਪੱਛਮ ਨੂੰ ਕਿਉਂ ਦਿੰਦਾ ਹੈ। ਸੋ, ਕੁਝ ਲੋਕ ਗੁਰੂ ਜੀ ਕੋਲ ਆਏ ਤੇ ਉਨ੍ਹਾਂ ਨੂੰ ਪੁੱਛਿਆ, ‘ਰਾਮ ਦੇ ਪਿਆਰੇ, ਤੂੰ ਪੱਛਮ ਵੱਲ ਪਾਣੀ ਕਿਉਂ ਦਿੰਦਾ

ਹੈਂ?’ ਤਾਂ ਗੁਰੂ ਜੀ ਨੇ ਕਿਹਾ, ‘ਤੁਸੀਂ ਸੂਰਜ ਵੱਲ ਪਾਣੀ ਕਿਉਂ ਦਿੰਦੇ ਹੋ?’ ਯਾਤਰੂਆਂ ਨੇ ਕਿਹਾ, ‘ਅਸੀਂ ਤਾਂ ਆਪਣੇ ਪਿਤਰਾਂ ਨੂੰ ਦਿੰਦੇ ਹਾਂ।’ ਗੁਰੂ ਜੀ ਨੇ ਕਿਹਾ ਕਿ ‘ਪਿਤਰ ਕਿਥੇ ਹਨ?’ ਤੇ ਯਾਤਰੂਆਂ ਨੇ ਕਿਹਾ ਕਿ ‘ਦੇਵ ਲੋਕ ਵਿਚ, ਉਨਵੰਜਾ ਕਰੋੜ ਕੋਹ।’ ਗੁਰੂ ਜੀ ਨੇ ਕਿਹਾ, ‘ਪਾਣੀ ਉਥੇ ਪੁੱਜਦਾ ਹੈ?’ ਤਾਂ ਉਨ੍ਹਾਂ ਕਿਹਾ, ‘ਹਾਂ, ਪੁੱਜਦਾ ਹੈ।’ ਤਾਂ ਗੁਰੂ ਜੀ ਨੇ ਕਿਹਾ ਕਿ ‘ਲਾਹੌਰ ਦੇ ਨੇੜੇ ਸਾਡੀ ਖੇਤੀ ਹੈ, ਉਥੇ ਅਸੀਂ ਪਾਣੀ ਦਿੰਦੇ ਹਾਂ।’ ਤਾਂ ਉਹ ਲੋਕ ਸਾਰੇ ਹੱਸ ਪਏ ਤੇ ਕਿਹਾ, ‘ਕਿਥੇ ਲਾਹੌਰ ਦੀ ਧਰਤੀ ਤੇ ਕਿਥੇ ਇਹ ਪਾਣੀ! ਇਹ ਪਾਣੀ ਲਾਹੌਰ ਦੀ ਧਰਤੀ ‘ਤੇ ਕਿਵੇਂ ਪੁੱਜ ਸਕਦਾ ਹੈ?’ ਤਾਂ ਗੁਰੂ ਜੀ ਨੇ ਉੱਤਰ ਦਿੱਤਾ, ‘ਜਿਵੇਂ ਤੁਹਾਡਾ ਪਾਣੀ ਪਿਤਰਾਂ ਨੂੰ ਪੁੱਜੇਗਾ, ਉਸੇ ਤਰ੍ਹਾਂ ਇਹ ਪਾਣੀ ਲਾਹੌਰ ਦੀ ਧਰਤੀ ‘ਤੇ ਵੀ ਪੁੱਜ ਜਾਵੇਗਾ।’ ਯਾਤਰੂ ਗੱਲਬਾਤ ਸਮਝ ਗਏ ਤੇ ਉਨ੍ਹਾਂ ਨੂੰ ਆਪਣੇ ਫੋਕਟ ਕਰਮ ਦੀ ਸਮਝ ਆ ਗਈ।’

ਭਾਈ ਸਾਹਿਬ ਭਾਈ ਵੀਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ ਹਰਿਦੁਆਰ ਫੇਰੀ ਦਾ ਵਿਸਥਾਰ ਬੜੇ ਰੌਚਕ ਢੰਗ ਨਾਲ ਦਰਜ ਕੀਤਾ ਹੈ। ਉਨ੍ਹਾਂ ਮੁਤਾਬਿਕ ਜਦੋਂ ਗੁਰੂ ਨਾਨਕ ਸਾਹਿਬ ਹਰਿਦੁਆਰ ਪਹੁੰਚੇ ਤਾਂ ਮੇਲੇ ਦੀ ਖੂਬ ਗਹਿਮਾ-ਗਹਿਮੀ ਸੀ। ਪਾਂਡੇ ਦਾਨ ਮੰਗ ਰਹੇ ਸਨ, ਸ਼ਾਮ ਨੂੰ ਡੂਨਿਆਂ ਵਿਚ ਰੱਖ ਕੇ ਦੀਵੇ ਤਾਰੇ ਜਾ ਰਹੇ ਸਨ, ਆਰਤੀ ਹੋ ਰਹੀ ਸੀ। ਫਿਰ ਸਵੇਰੇ ਫੁੱਲ ਤਾਰੇ ਜਾ ਰਹੇ ਸਨ, ਇਸ਼ਨਾਨ ਹੋ ਰਹੇ ਸਨ ਅਤੇ ਪਿਤਰਾਂ ਨੂੰ ਜਲ ਦਿੱਤਾ ਜਾ ਰਿਹਾ ਸੀ। ਭਾਈ ਵੀਰ ਸਿੰਘ ਲਿਖਦੇ ਹਨ, ‘ਇਹ ਅਗਯਾਨ, ਦਿਲਾਂ ਦਾ ਅੰਧਕਾਰ ਤੇ ਮਨਾਂ ਦੀ ਅਧੋਗਤੀ ਦੇਖ ਕੇ ਕੌਤਕਹਾਰ ਜੀ ਆਪ ਵੀ ਇਕ ਦਿਨ ਜਲ ਵਿਚ ਜਾ ਖਲੋਤੇ। ਪੁਰੇ ਵੱਲੋਂ ਸੂਰਜ ਚੜ੍ਹਿਆ ਸੀ, ਉਸ ਵੱਲ ਪਿੱਠ ਕਰ ਦਿੱਤੀ, ਮੂੰਹ ਪਿੱਛੇ ਵੱਲ ਕੁਝ ਉੱਤਰ ਦਾ ਰੁਖ਼ ਲੈ ਕੇ ਕਰ ਲਿਆ ਤੇ ਪਾਣੀ ਦੇਣ ਲੱਗ ਪਏ। ਪੱਛੋਂ ਨੂੰ ਪਾਣੀ ਦਿੰਦੇ ਦੇਖ ਕੇ ਲੋਕੀਂ ਹਰਿਆਨ ਹੋ ਦੁਆਲੇ ਖੜੋਨ ਲੱਗ ਪਏ। ਪਹਿਲਾਂ ਤਾਂ

ਲੋਕੀਂ ਆਪੋ ਵਿਚ ਗੱਲਾਂ ਕਰਦੇ ਸਨ ਪਰ ਜਦ ਖਾਸੀ ਭੀੜ ਹੋ ਗਈ ਤਾਂ ਲੋਕੀਂ ਲੱਗੇ ਆਪ ਤੋਂ ਹੀ ਘੂਰ-ਘੂਰ ਪੁੱਛਣ, ‘ਤੂੰ ਕੌਣ ਹੈਂ? ਹਿੰਦੂ ਹੈਂ? ਪੱਛੋਂ ਨੂੰ ਪਾਣੀ ਕਿਉਂ ਦੇਂਦਾ ਹੈਂ? ਪੱਛੋਂ ਨੂੰ ਤਾਂ ਮੱਕਾ ਹੈ। ਦੱਸ ਤੂੰ ਹਿੰਦੂ ਹੈਂ ਤਾਂ ਪਿਤਰਾਂ ਨੂੰ ਪਾਣੀ ਦੇਹ, ਦੇਖ ਪੁਰੇ ਵੱਲੋਂ ਸੂਰਜ ਚੜ੍ਹ ਰਿਹਾ ਹੈ, ਦੱਸ ਤੂੰ ਕੌਣ ਹੈਂ?’ ਭਾਈ ਸਾਹਿਬ ਦੱਸਦੇ ਹਨ, ‘ਗੁਰੂ ਸਾਹਿਬ ਨੇ ਪੁੱਛਿਆ, ਦੱਸੋ ਤੁਹਾਡੇ ਪਿਤ੍ਰ ਕਿੰਨੀ ਕੁ ਦੂਰ ਹੈਨ? ਸੂਰਜ ਕਿਥੇ ਕੁ ਹੈ?’ ਲੋਕਾਂ ਨੇ ਕਿਹਾ, ‘ਪਿਤ੍ਰ ਲੋਕ ਵਿਚ, ਲੱਖਾਂ ਹਜ਼ਾਰਾਂ ਕਰੋੜਾਂ ਕੋਹਾਂ ‘ਤੇ। ਸੂਰਜ ਵੀ ਦੂਰ ਹੈ।’ ਇਹ ਸੁਣ ਕੇ ਗੁਰੂ ਜੀ ਬੋਲੇ, ‘ਬਈ ਸੱਜਣੋ! ਮੇਰਾ ਏਸ ਰੁਖ਼ ਨੂੰ ਗਿਰਾਂ ਹੈ, ਘਰ ਦਾ ਪੈਲੀ ਬੰਨਾ ਹੈ। ਸਾਡੇ ਦੇਸ਼ ਮੀਂਹ ਨਹੀਂ ਪਿਆ। ਤੁਹਾਨੂੰ ਦੇਖ ਕੇ ਮੈਂ ਕਿਹਾ ਚਲੋ ਏਥੋਂ ਹੀ ਪਾਣੀ ਪੁਚਾ ਵੇਖੀਏ, ਭਲਾ ਜੇ ਖੇਤੀ ਸੋਕਿਓਂ ਬਚ ਰਹੇ।’

ਇਹ ਸੁਣ ਕੇ ਸਾਰੇ ਹੱਸ ਪਏ। ‘ਪਾਣੀ ਗੰਗਾ ਦਾ ਗੰਗਾ ਵਿਚ ਪਿਆ ਡਿਗਦਾ ਹੈ ਤੇ ਇਸ ਦੇ ਭਾਣੇ ਖੇਤਾਂ ਨੂੰ ਪਿਆ ਅੱਪੜਦਾ ਹੈ।’ ਇਕ ਸਿਆਣਾ-‘ਭਲੇ ਸੱਜਣਾ! ਆਪਣੇ ਹੱਥ ਕਿਉਂ ਥਕਾ ਰਿਹਾ ਹੈਂ? ਇਹ ਤੇਰਾ ਪਾਣੀ ਖੇਤਾਂ ਨੂੰ ਨਹੀਂ ਜਾਣ ਲੱਗਾ। ਖੇਤ ਤੇਰੇ ਦੂਰ ਹਨ, ਦੂਰ ਲਹਿੰਦੇ ਨੂੰ, ਗੰਗਾ ਜਾ ਰਹੀ ਹੈ ਪੂਰਬ ਨੂੰ।’ ਗੁਰੂ ਜੀ-‘ਅੱਛਾ ਜੀ! ਇਸ ਧਰਤੀ ਉੱਤੇ ਮੇਰੇ ਖੇਤਾਂ ਨੂੰ ਮੇਰਾ ਦਿੱਤਾ ਪਾਣੀ ਨਹੀਂ ਅੱਪੜੇਗਾ ਤੇ ਤੁਹਾਡਾ ਦਿੱਤਾ ਪਾਣੀ ਸੂਰਜ ਲੋਕ ਵਿਚ ਕਿ ਕਿਸੇ ਦੂਜੇ ਲੋਕ ਵਿਚ ਕਰੋੜਾਂ ਕੋਹਾਂ ‘ਤੇ ਜਾ ਅੱਪੜੇਗਾ ਹੈਂ ਜੀਓ? ਸਾਰੇ ਸੋਚੀਂ ਪੈ ਗਏ। ਲੱਗੇ ਭੂਤਭੀਤੀਆਂ ਬੋਲਣ : ਇਕ-‘ਆਖਦਾ ਤਾਂ ਸੱਚ ਹੈ।’

ਦੂਜਾ-‘ਭੁੱਲੇ ਹੀ ਰਹੇ, ਕੇਡੀ ਖਰੀ ਗੱਲ ਹੈ? ਸੌ ਦੋ ਸੌ ਕੋਹਾਂ ‘ਤੇ ਪਾਣੀ ਅਰਪਿਆ ਨਹੀਂ ਪਹੁੰਚਦਾ, ਲੱਖਾਂ ਕੋਹਾਂ ‘ਤੇ ਕੀਕੂੰ ਜਾਂਦਾ ਹੋਊ!’ ਤੀਜਾ-‘ਕਲੇਜਾ ਕੱਢ ਲਿਆ ਸੂ। ਸਾਨੂੰ ਪਾਂਡਿਆਂ ਨੇ ਮੂਰਖ ਬਣਾ ਛੱਡਿਆ ਏ।’ ਚੌਥਾ-‘ਆਹ ਲੈ ਬਈ, ਕੱਢੀ ਸੂ ਨਾ ਗੱਲ, ਸੁਆਦ ਆ ਗਿਆ। ਅਸਾਂ ਕਿਹਾ ਸੀ ਕੋਈ ਕੌਤਕੀ ਹੈ।’ ਪੰਜਵਾਂ (ਗੁਰੂ ਜੀ ਵੱਲ ਤੱਕ ਕੇ)-‘ਬਈ ਭਲੇ ਸੱਜਣ ਜੀ! ਗੱਲ ਤਾਂ ਤੁਸੀਂ ਚੋਖੀ ਆਖੀ ਏ, ਦਿਲ ਨੂੰ ਘਾ ਪਾ ਗਈ ਏ ਪਰ ਇਹ ਤਾਂ ਸੰਕਲਪ ਦੀ ਗੱਲ ਏ ਨਾ।’ ਗੁਰੂ ਜੀ-‘ਸੰਕਲਪ ਤੁਹਾਡੇ ਹੀ ਤੁਹਾਨੂੰ ਨਰਕ ਨੂੰ ਲਿਜਾ ਰਹੇ ਹਨ।’

 

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.