ਜਦੋਂ ਫਾਟਕ ਮੈਨ ਨੇ ਗੁਰੂ ਗ੍ਰੰਥ ਸਾਹਿਬ ਜੀ ਆਉਂਦੇ ਦੇਖ ਕੇ ਆਉਂਦੀ ਗੱਡੀ ਨੂੰ ਲਾਲ ਝੰਡੀ ਦੇ ਦਿੱਤੀ ਤੇ ਫਾਟਕ ਖੋਲ੍ਹ ਦਿੱਤਾ। ਗੱਡੀ ਵਿੱਚ ਰੇਲਵੇ ਦਾ ਕੋਈ ਸੀਨੀਅਰ ਅਫਸਰ ਵੀ ਬੈਠਾ ਸੀ । ਉਸ ਨੇ ਫਾਟਕ ਮੈਨ ਨੂੰ ਪੁੱਛਿਆ ਕਿ ਤੂੰ ਗੱਡੀ ਕਿਉਂ ਰੋਕੀ ਤਾਂ ਉਸ ਨੇ ਕਿਹਾ ਕਿ ਸਾਡੇ ਗੁਰੂ ਨੇ ਲੰਘਣਾ ਸੀ ਜੋ ਸਾਰੀ ਦੁਨੀਆਂ ਨੂੰ ਚਲਾਉਣ ਵਾਲਾ ਹੈ। ਫਾਟਕ ਮੈਨ ਨੂੰ ਉਸ ਦੀ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ। ਵਰ-ਤਖ਼ਤ ਦੇ ਮਾਲਕ, ਹਾਜ਼ਰਾ-ਹਜ਼ੂਰ, ਸਰਬ ਕਲਾ ਭਰਪੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਸਿੱਖ ਧਰਮ ਦੇ ਹੀ ਨਹੀਂ, ਸਗੋਂ ਸਮੁੱਚੀ ਮਾਨਵਤਾ ਦਾ ਕਲਿਆਣ ਕਰਨ ਵਾਲੇ ਪਾਵਨ ਧਰਮ ਗ੍ਰੰਥ ਹਨ।
ਇਸ ਮਹਾਨ ਪਾਵਨ ਗ੍ਰੰਥ ਦੀ ਵਡਿਆਈ ਇਸ ਵਿਚ ਵੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬ-ਸਾਂਝੇ ਅਤੇ ਕਲਿਆਣਕਾਰੀ ਉਪਦੇਸ਼ਾਂ ਤੋਂ ਸਰਬੱਤ ਦੇ ਭਲੇ ਦਾ ਪੈਗ਼ਾਮ ਸਮੁੱਚੀ ਮਨੁੱਖਤਾ ਨੂੰ ਨਸੀਬ ਹੁੰਦਾ ਹੈ। ਸਮੁੱਚੇ ਸੰਸਾਰ ਦੇ ਧਰਮ ਗ੍ਰੰਥਾਂ ਵਿੱਚੋਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਅਜਿਹਾ ਧਰਮ ਗ੍ਰੰਥ ਹੈ, ਜਿਸ ਨੂੰ ਗੁਰੂ ਸਾਹਿਬਾਨ ਨੇ ਆਪਣੇ ਕਰ-ਕਮਲਾਂ ਨਾਲ ਸੰਪਾਦਿਤ ਕੀਤਾ ਹੈ। ਸਮੂਹ ਧਰਮਾਂ ਦੇ ਇਤਿਹਾਸ ਵਿਚ ਇਹੋ ਇਕ ਅਜਿਹਾ ਅਦੁੱਤੀ ਪਾਵਨ ਗ੍ਰੰਥ ਹੈ, ਜਿਸ ਦਾ ਰੋਜ਼ਾਨਾ ਪ੍ਰਕਾਸ਼ ਤੇ ਸੁਖ ਆਸਣ ਬੜੇ ਅਦਬ ਤੇ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਵਿਚ ਕੀਤਾ ਜਾਂਦਾ ਹੈ ਅਤੇ ਲੱਖਾਂ ਪ੍ਰਾਣੀ ਰੋਜ਼ ਨਮਸਕਾਰ ਕਰਕੇ ਆਪਣੇ ਜੀਵਨ ਦੇ ਕਲਿਆਣ ਲਈ ਅਰਦਾਸਾਂ, ਬੇਨਤੀਆਂ ਤੇ ਜੋਦੜੀਆਂ ਕਰਦੇ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਰਮੇਸ਼ਰ ਜਾਂ ਨਿਰੰਕਾਰ ਦੇ ਬੋਲ ਹਨ, ਜੋ ਉਸ ਦੀ ਕ੍ਰਿਪਾ-ਦ੍ਰਿਸ਼ਟੀ ਸਦਕਾ ਬਾਣੀਕਾਰਾਂ ਦੇ ਮਾਧਿਅਮ ਰਾਹੀਂ ਸੰਸਾਰੀ ਜੀਵਾਂ ਨੂੰ ਪ੍ਰਾਪਤ ਹੋਏ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬੱਤ ਦੇ ਗੁਰੂ ਹਨ। ਦਸ ਗੁਰੂ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵ ‘ਸ਼ਬਦ-ਗੁਰੂ’ ਸਾਡਾ ਗੁਰੂ ਹੈ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ‘ਸਬਦ ਗੁਰੂ ਸੁਰਤਿ ਧੁਨਿ ਚੇਲਾ’ ਉਚਾਰਣ ਕਰਕੇ ਸ਼ਬਦ-ਗੁਰੂ ਸੰਸਥਾ ਦੀ ਨੀਂਹ ਰੱਖੀ। ਸ਼ਬਦ-ਗੁਰੂ ਦਾ ਸਤਿਕਾਰ ਗੁਰੂ-ਘਰ ਵਿਚ ਪਰਮੇਸ਼ਰ ਦੇ ਸਾਮਾਨ ਹੈ। ਗੁਰੂ ਤੇ ਪਰਮੇਸ਼ਰ ਸਾਮਾਨ ਹਨ, ਭਾਵ ਇਕ ਹੀ ਹਨ। ਦੋਨਾਂ ਵਿਚ ਕੋਈ ਭੇਦ, ਵੱਖਰਤਾ ਨਹੀਂ ਹੈ। ਗੁਰੂ ਤੇ ਪਰਮੇਸ਼ਰ ਦਾ ਗੁਰਮਤਿ ਵਿਚ ਦਰਜਾ ਬਰਾਬਰ ਅਤੇ ਸਨਮਾਨਯੋਗ ਹੈ।
