ਕਰੋਨਾ ਸਮੇਂ ਦੌਰਾਨ ਪੰਜਾਬ ਦੇ ਟਰੈਵਲ ਕਾਰੋਬਾਰੀਆਂ ਨੇ ਪੜ੍ਹਾਈ ਦੇ ਤੌਰ ’ਤੇ ਕੈਨੇਡਾ ਭੇਜਣ ਦੇ ਨਾਂ ’ਤੇ ਪ੍ਰਾਈਵੇਟ ਕਾਲਜਾਂ ਵਿਚ ਭਾਰਤੀ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਡੁਬੋ ਦਿੱਤੇ। ਇੰਨਾ ਹੀ ਨਹੀਂ, ਪ੍ਰਾਈਵੇਟ ਕਾਲਜਾਂ ਵਿਚ ਦਾਖ਼ਲਾ ਦਿਵਾਉਣ ਦੇ ਨਾਂ ’ਤੇ ਵਿਦਿਆਰਥੀਆਂ ਤੋਂ ਐਡਵਾਂਸ ਵਿਚ ਲੱਖਾਂ ਰੁਪਏ ਦੀ ਫੀਸ ਲੈ ਲਈ ਗਈ ਪਰ ਫੀਸ ਅਦਾ ਕਰਨ ਤੋਂ ਬਾਅਦ ਨਾ ਤਾਂ ਵਿਦਿਆਰਥੀਆਂ ਦਾ ਕੈਨੇਡਾ ਦਾ ਵੀਜ਼ਾ ਲੱਗਾ ਅਤੇ ਨਾ ਹੀ ਵਿਦਿਆਰਥੀ ਕਿਸੇ ਤਰ੍ਹਾਂ ਕੈਨੇਡਾ ਵਿਚ ਪਹੁੰਚ ਸਕੇ|
ਜਦਕਿ ਕੈਨੇਡਾ ਦੇ ਕੁਝ ਪ੍ਰਾਈਵੇਟ ਕਾਲਜਾਂ ਵਿਚ ਫੀਸ ਜਮ੍ਹਾ ਕਰਵਾਉਣ ਦੇ ਨਾਂ ’ਤੇ ਭਾਰਤੀ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਦੀ ਮਿਹਨਤ ਦੀ ਕਮਾਈ ਡੁੱਬ ਗਈ।ਵਿਦਿਆਰਥੀਆਂ ਦੇ ਪ੍ਰਾਈਵੇਟ ਕਾਲਜਾਂ ਵਿਚ ਕਰੋੜਾਂ ਰੁਪਏ ਡੁੱਬਣ ਤੋਂ ਬਾਅਦ ਕਾਲਜਾਂ ਤੋਂ ਪੰਜਾਬ ਦੇ ਟਰੈਵਲ ਏਜੰਟਾਂ ਨੇ ਵੀ ਕਰੋੜਾਂ ਰੁਪਏ ਦੀ ਕਮੀਸ਼ਨ ਡਕਾਰ ਲਈ। ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਪੜ੍ਹਾਈ ਦੇ ਤੌਰ ’ਤੇ ਕੈਨੇਡਾ ਜਾਣ ਦਾ ਭਾਰਤੀ ਵਿਦਿਆਰਥੀਆਂ ਵਿਚ ਕਾਫ਼ੀ ਕ੍ਰੇਜ਼ ਹੈ, ਜਿਸ ਕਾਰਨ ਪੰਜਾਬ ਤੋਂ ਭਾਰੀ ਗਿਣਤੀ ਵਿਚ ਹਰ ਸਾਲ ਕੈਨੇਡਾ ਪੜ੍ਹਨ ਲਈ ਭਾਰਤੀ ਵਿਦਿਆਰਥੀ ਅਪਲਾਈ ਕਰਦੇ ਹਨ।
ਪੰਜਾਬ ਦੇ ਟਰੈਵਲ ਕਾਰੋਬਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਕਰੋੜਾਂ ਰੁਪਏ ਦੀ ਕਮਾਈ ਕਰਨ ਕਾਰਣ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਹੋਰ ਸੂਬਿਆਂ ਵਿਚ ਐਜੂਕੇਸ਼ਨ ਸੈਮੀਨਾਰ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚ ਪੜ੍ਹਾਈ ਤੋਂ ਬਾਅਦ ਪੀ. ਆਰ. ਲੈਣ ਸਬੰਧੀ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਉਨ੍ਹਾਂ ਨੂੰ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ 2020 ਵਿਚ ਕੋਰੋਨਾਕਾਲ ਦੌਰਾਨ ਜਿਥੇ ਪੂਰੇ ਵਿਸ਼ਵ ਵਿਚ ਹੀ ਲਾਕਡਾਊਨ ਲੱਗ ਗਿਆ ਅਤੇ ਲੋਕਾਂ ਦੇ ਕਾਰੋਬਾਰ ਤੱਕ ਠੱਪ ਹੋ ਗਏ ਅਤੇ ਲੋਕਾਂ ਨੂੰ ਰੋਜ਼ੀ-ਰੋਟੀ ਕਮਾਉਣੀ ਅਤੇ ਘਰ ਦਾ ਗੁਜ਼ਾਰਾ ਚਲਾਉਣਾ ਦਿੱਕਤ ਹੋ ਗਿਆ|
ਉਥੇ ਵਿਦੇਸ਼ ਦੇ ਸਾਰੇ ਕਾਲਜ ਅਤੇ ਯੂਨੀਵਰਸਿਟੀਆਂ ਬੰਦ ਹੋਣ ਕਾਰਣ ਅਰਬਾਂ ਰੁਪਏ ਦਾ ਕਾਰੋਬਾਰ ਕਰਨ ਵਾਲੀ ਟਰੈਵਲ ਇੰਡਸਟਰੀ ਵੀ ਮੰਦੀ ਦਾ ਸ਼ਿਕਾਰ ਹੋ ਗਈ। ਕਈ ਟਰੈਵਲ ਕਾਰੋਬਾਰੀਆਂ ਨੇ ਆਨਲਾਈਨ ਐਜੂਕੇਸ਼ਨ ਦੇ ਨਾਂ ’ਤੇ ਪੰਜਾਬ ਦੇ ਕਈ ਵਿਦਿਆਰਥੀਆਂ ਦੀ ਲੱਖਾਂ-ਕਰੋੜਾਂ ਰੁਪਏ ਦੀ ਫੀਸ ਹੀ ਪ੍ਰਾਈਵੇਟ ਕਾਲਜਾਂ ਵਿਚ ਫਸਾ ਦਿੱਤੀ।