ਕਈ ਵਾਰ ਸਾਡੀ ਜ਼ਿੰਦਗੀ ਵਿੱਚ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ, ਜਿਸ ਬਾਰੇ ਸਾਨੂੰ ਸਮਝ ਹੀ ਨਹੀਂ ਲੱਗਦੀ ਕਿ ਇਸ ਪਿੱਛੇ ਕੀ ਕਾਰਨ ਹੋ ਸਕਦਾ ਹੈ? ਜਦੋਂ ਤਕ ਸਾਨੂੰ ਇਸ ਦੇ ਕਾਰਨ ਬਾਰੇ ਪਤਾ ਲੱਗਦਾ ਹੈ, ਉਦੋਂ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਜ਼ਿਲ੍ਹਾ ਮੁਹਾਲੀ ਦੇ ਪਿੰਡ ਕਮਾਲੀ ਵਿੱਚ 8 ਸਾਲਾ ਇਕ ਬੱਚੀ ਨੂੰ ਘਰ ਵਿੱਚ ਹੀ ਸੱਪ ਨੇ ਡੱਸ ਲਿਆ। ਪਰਿਵਾਰ ਨੂੰ ਇਸ ਬਾਰੇ ਕੁਝ ਪਤਾ ਹੀ ਨਹੀਂ ਲੱਗਾ ਅਤੇ ਬੱਚੀ ਦਮ ਤੋੜ ਗਈ। ਬੱਚੀ ਦੇ ਦਾਦੇ ਨੇ ਜਾਣਕਾਰੀ ਦਿੱਤੀ ਹੈ ਕਿ ਬੱਚੀ ਕਮਰੇ ਦੇ ਅੰਦਰ ਤੋਂ ਸਬਮਰਸੀਬਲ ਪੰਪ ਬੰਦ ਕਰਨ ਲਈ ਬਾਹਰ ਨਿਕਲੀ ਸੀ।
ਜਦੋਂ ਬੱਚੀ ਨੇ ਸਵਿੱਚ ਆਫ ਕੀਤਾ ਤਾਂ ਬੱਚੀ ਦੇ ਪੈਰਾਂ ਕੋਲ ਪਏ ਬਕਸੇ ਹੇਠ ਲੁਕੇ ਸੱਪ ਨੇ ਬੱਚੀ ਦੇ ਪੈਰ ਉੱਥੇ ਡੰਗ ਮਾਰ ਦਿੱਤਾ ਅਤੇ ਵਾਪਸ ਬਕਸੇ ਥੱਲੇ ਹੀ ਲੁਕ ਗਿਆ। ਬੱਚੀ ਨੂੰ ਇਹ ਤਾਂ ਪਤਾ ਲੱਗਾ ਕਿ ਉਸ ਦੇ ਪੈਰ ਤੇ ਕੁਝ ਚੁਭਿਆ ਪਰ ਅਸਲੀ ਗੱਲ ਉਸ ਨੂੰ ਸਮਝ ਨਹੀਂ ਲੱਗੀ। ਬੱਚੀ ਦੇ ਦਾਦੇ ਦੇ ਦੱਸਣ ਮੁਤਾਬਕ ਅੱਧੇ ਘੰਟੇ ਬਾਅਦ ਬੱਚੀ ਦਾ ਸਰੀਰ ਨੀਲਾ ਹੋਣਾ ਸ਼ੁਰੂ ਹੋ ਗਿਆ। ਉਹ ਬੱਚੀ ਨੂੰ ਡਾਕਟਰ ਕੋਲ ਲੈ ਗਏ। ਉੱਥੇ ਬੱਚੀ ਨੂੰ ਉਲਟੀ ਆਈ।
ਜਿਸ ਕਰਕੇ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਬੱਚੀ ਨੇ ਜਾਂ ਤਾਂ ਕੁਝ ਗਲਤ ਖਾ ਲਿਆ ਹੈ ਜਾਂ ਉਸ ਨੂੰ ਕਿਸੇ ਚੀਜ਼ ਨੇ ਡੰਗਿਆ ਹੈ। ਬੱਚੀ ਦੀ ਜਾਨ ਨਹੀਂ ਬਚ ਸਕੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਬੱਚੀ ਦੀ ਮ੍ਰਿਤਕ ਦੇਹ ਨੂੰ ਘਰ ਲੈ ਆਏ ਤਾਂ 2 ਵਾਰੀ ਸੱਪ ਬਕਸੇ ਹੇਠੋਂ ਨਿਕਲਿਆ ਅਤੇ ਦੁਬਾਰਾ ਉੱਥੇ ਹੀ ਵੜ ਗਿਆ। ਉਨ੍ਹਾਂ ਨੇ ਸਪੇਰੇ ਵੀ ਬੁਲਾਏ ਪਰ ਸੱਪ ਖੁੱਡ ਵਿੱਚੋਂ ਬਾਹਰ ਨਹੀਂ ਨਿਕਲਿਆ। ਜਿਸ ਕਰਕੇ ਉਨ੍ਹਾਂ ਨੇ ਖੁੱਡ ਵਿੱਚ ਦਵਾਈ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਬੰਦ ਕਰ ਦਿੱਤਾ।
ਬੱਚੀ ਦੇ ਦਾਦੇ ਦੇ ਦੱਸਣ ਮੁਤਾਬਕ ਅਗਸਤ ਵਿਚ ਬੱਚੀ ਦਾ ਜਨਮ ਦਿਨ ਸੀ। ਉਨ੍ਹਾਂ ਦੀ ਬੱਚੀ ਬਹੁਤ ਹੀ ਹੋਣਹਾਰ ਸੀ। ਬੱਚੀ ਦਾ ਇੱਕ ਛੋਟਾ ਭਰਾ ਹੈ। ਉਨ੍ਹਾਂ ਦੇ ਪਿੰਡ ਵਿੱਚ ਪਹਿਲਾਂ ਕਦੇ ਵੀ ਸੱਪ ਦੇ ਡੱਸਣ ਨਾਲ ਅਜਿਹੀ ਘਟਨਾ ਨਹੀਂ ਵਾਪਰੀ। ਬੱਚੀ ਨਾਲ ਵਾਪਰੀ ਇਸ ਘਟਨਾ ਕਾਰਨ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਅਤੇ ਹਰ ਕੋਈ ਇਸ ਘਟਨਾ ਤੇ ਅਫ਼ਸੋਸ ਜਤਾ ਰਿਹਾ ਹੈ।
