‘ਕਿਰਤੀ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਵਾਲੇ ਸਿੱਖ ਜਰਨੈਲ ‘ਬਾਬਾ ਬੰਦਾ ਸਿੰਘ ਬਹਾਦਰ ਜੀ’ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਛਕਾਕੇ ਤਿਆਰ ਬਰ ਤਿਆਰ ਸਿੰਘ ਸਜਾ ਦਿੱਤਾ। ਅੰਮ੍ਰਿਤ ਛਕਾਉਣ ਤੋਂ ਬਾਅਦ ਇਨ੍ਹਾਂ ਦਾ ਨਾਂ ਗੁਰਬਖਸ਼ ਸਿੰਘ ਰੱਖਿਆ ਗਿਆ ਪਰ ਪੰਥ ਵਿਚ ਇਨ੍ਹਾਂ ਜੀ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਪ੍ਰਸਿੱਧ ਹੋਇਆ।
ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਬੰਦਾ ਬਣਾ ਕੇ ਪੰਜ ਸਿੰਘ ਬਾਬਾ ਵਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਬਾਜ ਸਿੰਘ, ਬਾਬਾ ਦਇਆ ਸਿੰਘ ਤੇ ਬਾਬਾ ਰਣ ਸਿੰਘ ਉਸਦੀ ਸਹਾਇਤਾ ਲਈ ਨਾਲ ਤੋਰੇ ਅਤੇ ਪੰਜ ਤੀਰ ਆਪਣੇ ਭੱਥੇ ਵਿਚੋਂ ਕੱਢ ਕੇ ਉਸਨੂੰ ਬਖਸ਼ੇ। ਇਸ ਤੋਂ ਇਲਾਵਾ 20 ਹੋਰ ਸੂਰਵੀਰ ਗੁਰੂ ਜੀ ਨੇ ਬਾਬਾ ਜੀ ਦੀ ਸਹਾਇਤਾ ਲਈ ਪੰਜਾਬ ਵੱਲ ਨਾਲ ਘੱਲੇ। ਦਿੱਲੀ ਦੇ ਨੇੜੇ ਪਿੰਡਾਂ ਸਿਹਰੀ ਤੇ ਖੰਡਾ ਵਿਖੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਸ਼ਕਤੀ ਇਕੱਤਰ ਕੀਤੀ ਤੇ ਸਭ ਤੋਂ ਪਹਿਲਾਂ ਸੋਨੀਪਤ ਤੇ ਜਿੱਤ ਹਾਸਲ ਕਰ ਲਈ। ਫੇਰ ਕੈਥਲ, ਸਮਾਣਾ, ਸਢੌਰਾ, ਬਨੂੜ ਆਦਿ ‘ਤੇ ਹਮਲੇ ਕੀਤੇ ਅਤੇ ਜਿੱਤਾਂ ਹਾਸਲ ਕਰਕੇ ਆਪਣੀ ਤਾਕਤ ਵਿਚ ਕਈ ਗੁਣਾ ਵਾਧਾ ਕਰ ਲਿਆ। ਬਨੂੜ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਸੂਬੇਦਾਰ ਵਜੀਰ ਖ਼ਾਨ ਨੂੰ ਲਲ ਕਾਰਿਆ ਤੇ ਉਸ ਨੇ ਵੀ ਕਹਿ ਦਿੱਤਾ ਕਿ ਚੱਪੜਚਿੜੀ ਦੇ ਮੈਦਾਨ ਵਿਚ ਮੇਲ ਕਰਾਂਗੇ । ਚੱਪੜਚਿੜੀ ਵਿਚ ਜ਼ਿਆਦਾ ਆਬਾਦੀ ਮੁਸਲਮਾਨ ਫਿਰਕੇ ਦੀ ਸੀ। ਜਿੱਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਹੋਈ। ਬਾਬਾ ਬੰਦਾ ਸਿੰਘ ਬਹਾਦਰ ਸਢੌਰੇ ਦੇ ਨੇੜੇ ਮੁਖਲਸਗੜ੍ਹ ਦੇ ਕਿਲੇ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਸ ਦਾ ਨਾਂਅ ਲੋਹਗੜ੍ਹ ਰੱਖਿਆ।
ਫਿਰ ਬਾਬਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ‘ਤੇ ਉਸ ਸਮੇਂ ਦੇ ਰਿਵਾਜ ਅਨੁਸਾਰ ਖਾਲਸਾ ਰਾਜ ਦੀ ਵੱਖਰੀ ਹੋਂਦ ਦਰਸਾਉਣ ਲਈ ਇਕ ਸਿੱਕਾ ਜਾਰੀ ਕੀਤਾ।ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ‘ਤੇ ਜਿੱਤ ਹਾਸਲ ਕਰਨ ਵਾਲੇ ਦਿਨ ਤੋਂ ਆਪਣਾ ਵੱਖਰਾ ਪ੍ਰਸ਼ਾਸਨੀ ਸਾਲ ਵੀ ਸ਼ੁਰੂ ਕੀਤਾ। ਬਾਬਾ ਜੀ ਨੇ ਜ਼ਿਮੀਂਦਾਰੀ ਪ੍ਰਥਾ ਨੂੰ ਖਤਮ ਕਰ ਦਿੱਤਾ ਅਤੇ ਜ਼ਮੀਨ ਵਾਹੁਣ ਵਾਲੇ ਮੁਜਾਰਿਆਂ ਨੂੰ ਜ਼ਮੀਨ ਦੀ ਮਾਲਕੀ ਦੇ ਦਿੱਤੀ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੰਜਾਬ ਦੇ ਕਿਸਾਨਾਂ ਨੂੰ ਜਮੀਨ ਦੇ ਵਾਰਿਸ ਬਣਾਇਆ ਹੈ।
