ਇਸ ਵੇਲੇ ਇੱਕ ਵੱਡੀ ਖ਼ਬਰ ਸਮਾਜ ਸੇਵੀ ਪੁਨੀਤ ਪੀਪੀ ਅਤੇ ਗੋਲਡੀ ਪੀਪੀ ਨਾਲ ਜੁੜੀ ਆ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਹੁਣ ਪੁਨੀਤ ਪੀਪੀ ਨੇ ਆਪਣੇ ‘ਤੇ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ ਦਿੱਤਾ ਹੈ। ਪੁਨੀਤ ਪੀਪੀ ਨੇ ਆਪਣੀ ਏਸ ਚਾਰ ਮਿੰਟ ਦੀ ਵੀਡੀਓ ਵਿੱਚ ਕੁੱਝ ਤੱਥ ਪੇਸ਼ ਕਰਨ ਦਾ ਵੀ ਯਤਨ ਕੀਤਾ ਹੈ। ਆਓ ਸਭ ਤੋਂ ਪਹਿਲਾਂ ਵੇਖੋ ਪੂਰੀ ਵੀਡੀਓ ਅਤੇ ਫੇਰ ਅੱਗੇ ਗੱਲ ਕਰਦੇ ਹਾਂ। ਜਿਸ ਤਰਾਂ ਸਭ ਨੂੰ ਪਤਾ ਹੀ ਹੈ ਕਿ ਸਮਾਜ ਸੇਵਾ ਦੇ ਮੁੱਦੇ ‘ਤੇ ਅੱਜ ਕੱਲ੍ਹ ਸ਼ੋਸ਼ਲ ਮੀਡੀਆ ‘ਤੇ ਕਾਫੀ ਵਿਵਾਦ ਚੱਲ ਰਿਹਾ ਹੈ। ਲੋਕ ਸਮਾਜ ਸੇਵਾ ਕਰਨ ਵਾਲਿਆਂ ਨੂੰ ਸਵਾਲ ਕਰ ਰਹੇ ਹਨ ਅਤੇ ਸਮਾਜ ਸੇਵੀ ਜਵਾਬ ਦੇ ਰਹੇ ਹਨ। ਸਵਾਲ ਕਰਨਾ ਅਤੇ ਜਵਾਬ ਦੇਣਾ ਤਾਂ ਵਾਜਿਬ ਗੱਲ ਹੈ ਪਰ ਸ਼ੋਸ਼ਲ ਮੀਡੀਆ ‘ਤੇ ਇੱਕ ਦੂਜੇ ਦਾ ਜਲੂਸ ਕੱਢਣਾ ਅਤੇ ਇੱਕ ਦੂਜੇ ਨੂੰ ਭੱਦੀ ਸ਼ਬਦਾਵਲੀ ਵਰਤਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਪਰ ਸਾਡੇ ਪੰਜਾਬੀਆਂ ਨੂੰ ਤਾਂ ਜਿਵੇਂ ਕੋਈ ਐਸਾ ਮੁੱਦਾ ਥਿਆ ਗਿਆ ਹੋਏ ਕਿ ਹੁਣ ਬਸ ਪੂਰੀ ਜ਼ਿੰਦਗੀ ਏਸੇ ਮੁੱਦੇ ‘ਤੇ ਝੰਡੇ ਚੱਕੀ ਰੱਖਣੇ ਹਨ। ਯਾਰ, ਸਮਾਜ ਸੇਵਾ ਕਰਨ ਵਾਲਿਆਂ ਨੂੰ ਸਵਾਲ ਕਰਨਾ ਠੀਕ ਹੈ। ਪਰ ਆਹ ਕਿੱਥੇ ਲਿਖਿਆ ਕਿ ਤੁਸੀਂ ਉਹਨਾਂ ਦੀ ਐਸੀ ਤੈਸੀ ਕਰ ਦਿਓ ਅਤੇ ਅੱਗੋਂ ਉਹ ਤੇ ਉਹਨਾਂ ਸਪੋਰਟਰ ਸਵਾਲ ਕਰਨ ਵਾਲਿਆਂ ਨੂੰ ਟੁੱਟ ਕੇ ਪੈ ਜਾਣ। ਆਖੇ ਜੀ, ਆਹ ਫਲਾਣਾ ਸਾਡੇ ਹੀਰੋ ਨੂੰ ਸਵਾਲ ਕਰਦਾ ਸੀ, ਆਹ ਚੱਕੋ ਉਹਦੀ ਕਰਤੂਤ। ਆਹ ਵੇਖੋ ਉਹਦੀ ਵੀਡੀਓ, ਆਹ ਸੁਣੋ ਉਹਦੀ ਆਡੀਓ। ਅਸੀਂ ਭਾਲ ਕੇ ਲਿਆਂਦੀ ਆ। ਉਧਰੋਂ ਸਵਾਲ ਕਰਨ ਵਾਲੇ ਤੱਤੇ ਹੋ ਕੇ ਦੋ ਪੁਲਾਂਘਾਂ ਹੋਰ ਅੱਗੇ ਨਿਕਲ ਪੈਂਦੇ ਨੇ। ਪਰ ਨਾ ਗੱਲ ਦਾ ਸਿਰ-ਪੈਰ ਬਣਦਾ ਤੇ ਨਾ ਗੱਲ ਅੰਤ ਤੀਕ ਸ਼ੁਰੂਆਤੀ ਮੁੱਦੇ ‘ਤੇ ਰਹਿੰਦੀ ਹੈ। ਮੰਨਿਆ ਕਿ ਦਾਨ ਦੇਣ ਵਾਲੇ ਨੂੰ ਸਵਾਲ ਕਰਨ ਦਾ ਹੱਕ ਹੈ ਅਤੇ ਏਸ ਗੱਲੋਂ ਵੀ ਮੁਨਕਰ ਨਹੀਂ ਹੋ ਸਕਦੇ ਕਿ ਇਹਨਾਂ ਸਮਾਜ ਸੇਵੀਆਂ ਤੋਂ ਅਸੀਂ ਪੁੱਛਣਾ ਕੱਖ ਨਹੀਂ। ਜੀ ਸਦਕੇ ਪੁੱਛੋ ਕਿਉਂਕਿ ਇਹ ਵੀ ਘੱਟ ਨਹੀਂ ਹੁੰਦੇ। ਬਥੇਰੇ ਆਵਦਾ ਤੋਰੀ-ਫੁਲਕਾ ਹੀ ਨਹੀਂ ਚਲਾਉਂਦੇ, ਸਗੋਂ ਆਵਦੇ ਆਉਣ ਵਾਲਿਆਂ ਦੀ ਰੋਟੀ ਵੀ ਸੈੱਟ ਕਰ ਜਾਂਦੇ ਨੇ। ਵੀਡੀਓ ਬਣਦੀ ਵੀ ਏਸ ਤਰਾਂ ਤੇ ਸ਼ੇਅਰ ਵੀ ਇਸ ਤਰਾਂ ਹੁੰਦੀ ਆ ਕਿ ਬੰਦਾ ਪਿਘਲ ਜਾਂਦਾ ਤੇ ਇੱਕ ਵਾਇਰਲ ਹੋਈ ਵੀਡੀਓ ਨਾ ਕਦੇ ਰੁਕਦੀ ਆ, ਬਸ ਜੇ ਰੁਕਦੀ ਹੈ ਤਾਂ ਵੀਡੀਓ ਵੇਖ ਕੇ ਭਾਵੁਕ ਹੋਏ ਬੰਦੇ ਦੀ ਸੂਈ ਦਾਨ ਦੇਣ ‘ਤੇ ਜਾ ਕੇ ਰੁਕਦੀ ਹੈ। ਵੀਡੀਓ ਨਾਲ ਐਸਾ ਮਾਹੌਲ ਸਿਰਜਿਆ ਜਾਂਦਾ ਜੋ ਫੋਟੋਆਂ ਨਾਲ ਨਹੀਂ ਸਿਰਜਿਆ ਜਾਂਦਾ।
ਜਾਂ ਫੇਰ ਇਹ ਆਖ ਲਵੋ ਕਿ ਗ੍ਰਾਹਕ ਨੂੰ ਕੀਲਣ ਦਾ ਇੱਕ ਨਵੇਕਲਾ ਢੰਗ ਆ, ਜੀਹਦੇ ਨਾਲ ਵੱਡੇ ਤੋਂ ਵੱਡੇ ਬੰਦੇ ਨੂੰ ਪ੍ਰਭਾਵਿਤ ਕਰ ਲਿਆ ਜਾਂਦਾ। ਬੇਸ਼ੱਕ ਉਹ ਬੰਦਾ ਪੈਸੇ ਨਾ ਦੇਵੇ ਪਰ ਉਹ ਵੀਡੀਓ ਸ਼ੇਅਰ ਕਰਕੇ ਅੱਗੇ ਇੱਕ ਦੋ ਦਾਨੀਆਂ ਤੱਕ ਜਰੂਰ ਪਹੁੰਚਾ ਦਿੰਦਾ। ਖੈਰ ਗੱਲ ਇੱਕ ਲਾਇਨ ‘ਚ ਮੁਕਾ ਦਿੰਦਾ ਕਿ ਹੋਣਾ ਕੱਖ ਨਹੀਂ, ਬਸ ਓਨੇ ਕੁ ਦਿਨ ਇਹ ਕਾਟੋ-ਕਲੇਸ਼ ਸ਼ੋਸ਼ਲ ਮੀਡੀਆ ‘ਤੇ ਚੱਲਣਾ ਜਿੰਨੀ ਦੇਰ ਕੋਈ ਹੋਰ ਨਵੀਂ ਤੱਤੀ ਗੱਲ ਨਹੀਂ ਸੁਣਨ ਨੂੰ ਮਿਲਦੀ। ਤੜਕੇ ਤੜਕੇ ਸੋਚ ਕੁੱਝ ਹੋਰ ਰਿਹਾ ਸੀ ਪਰ ਫੋਨ ‘ਤੇ ਕਿਸੇ ਸੱਜਣ ਨੇ ਵੀਡੀਓ ਭੇਜ ਘੱਤੀ ਤਾਂ ਸੋਚਿਆ ਆਪਾਂ ਵੀ ਘੋੜਾ ਦਬੱਲ ਲਈਏ।
