ਦੀਪ ਸਿੱਧੂ ਦੀ ਚਿੱਠੀ “ਸਤਿਕਾਰਯੋਗ ਆਗੂ ਸਾਹਿਬਾਨ , 7 ਜਨਵਰੀ 202 ॥ ਸੰਯੁਕਤ ਕਿਸਾਨ ਮੋਰਚਾ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥ ਅਸੀਂ ਇਸ ਵੇਲੇ ਆਪਣੇ ਵਿਰਸੇ ਤੇ ਇਤਿਹਾਸ ਮੁਤਾਬਿਕ ਹੱਕ – ਸੱਚ ਦੀ ਖਾਤਿਰ ਜੱਦੋ – ਜਹਿਦ ਕਰ ਰਹੇ ਹਾਂ । ਪੰਜਾਬ ਦੀ ਅਗਵਾਈ ਵਿੱਚ ਸ਼ੁਰੂ ਹੋਇਆ ਕਿਸਾਨੀ ਘੋਲ ਭਾਰਤ ਦੇ ਸਭਨਾ ਕਿਰਤੀਆਂ , ਮਿਹਨਤਕਸ਼ ਵਰਗਾਂ ਅਤੇ ਆਮ ਲੋਕਾਈ ਦੀ ਭਲਾਈ ਦੇ ਮਾਮਲਿਆਂ ਨਾਲ ਜੁੜੀ ਸਾਂਝੀ ਜੱਦੋ – ਜਹਿਦ ਦਾ ਰੂਪ ਧਾਰਦਾ ਜਾ ਰਿਹਾ ਹੈ ।ਦਿੱਲੀ ਚੱਲੋ ਦੇ ਨਾਅਰੇ ਨੂੰ ਪੰਜਾਬ ਦੇ ਜਾਇਆਂ ਨੇ ਜਿਸ ਇਤਿਹਾਸਕ ਅੰਦਾਜ਼ ਵਿੱਚ ਸਾਕਾਰ ਕੀਤਾ ਹੈ ਉਸ ਨਾਲ ਹੁਣ ਹੋਰਨਾਂ ਰਾਜਾਂ ਦੇ ਕਿਸਾਨ ਤੇ ਕਿਰਤੀ ਵੀ ਦਿੱਲੀ ਚ ਡਟਣੇ ਸ਼ੁਰੂ ਹੋ ਗਏ ਹਨ ।
ਪੰਜਾਬ ਦੀ ਇੱਕਜੁਟਤਾ ਵੇਖ ਕੇ ਉਹਨਾ ਦੇ ਹੌਸਲੇ ਬੁਲੰਦ ਹੋ ਰਹੇ ਹਨ । ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਇਹ ਸੰਘਰਸ਼ ਇੱਕ ਅਹਿਮ ਅਤੇ ਇਤਿਹਾਸਕ ਪੜਾਅ ਉੱਤੇ ਪੁੱਜ ਗਿਆ ਹੈ ਜਿੱਥੇ ਸਾਡੇ ਸਾਰਿਆਂ ਉੱਤੇ ਬਹੁਤ ਵੱਡੀ ਜਿੰਮੇਵਾਰੀ ਹੈ । ਸਾਂਝੇ ਸੰਘਰਸ਼ ਆਪਸੀ ਇਤਫਾਕ ਨਾਲ ਹੀ ਦਿੱਤੇ ਜਾ ਸਕਦੇ ਹਨ । ਅਗਵਾਈ ਕਰ ਰਹੀਆਂ ਧਿਰਾਂ ਦਾ ਇਹ ਫਰਜ਼ ਹੁੰਦਾ ਹੈ ਕਿ ਸਭਨਾਂ ਸਹਿਯੋਗੀਆਂ ਦੀ ਗੱਲ ਸੁਣਨ ਤੇ ਵਿਚਾਰਣ ਅਤੇ ਉਹਨਾਂ ਨੂੰ ਬਣਦੀ ਥਾਂ ਦੇਣ । ਇਸੇ ਤਰ੍ਹਾਂ ਸੰਘਰਸ਼ ਦੇ ਸਹਿਯੋਗੀਆਂ ਦੀ ਵੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਅਗਵਾਈ ਕਰ ਰਹੀਆਂ ਧਿਰਾਂ ਨੂੰ ਹਰ ਪੱਖ ਬਾਰੇ ਸੁਹਿਰਦਤਾ ਨਾਲ ਜਾਣੂ ਕਰਵਾਉਂਦੇ ਰਹਿਣ ਤੇ ਰਲ ਕੇ ਸੰਘ ਰਸ਼ ਨੂੰ ਕਾਮਯਾਬੀ ਵੱਲ ਲੈ ਕੇ ਜਾਣ । ਦਿੱਲੀ ਦੀਆਂ ਬਰੂਹਾਂ ਉੱਤੇ ਚੱਲ ਰਹੀ ਇਸ ਸ਼ਾਂਤਮਈ ਆਵਾਜ਼ ਵਿੱਚ ਸਾਡੇ ਬਾਹਰੀ ਮੋਰਚੇ ਇਸ ਵੇਲੇ ਵੀ ਮਜਬੂਤ ਸਥਿਤੀ ਵਿੱਚ ਹਨ ਜਦਕਿ ਆਪਣੀ ਅੰਦਰੂਨੀ ਕਤਾਰਬੰਦੀ ਵਿੱਚ ਵਧ ਰਹੀ ਖਿੱਚੋਤਾਣ ਚਿੰਤਾ ਦਾ ਵਿਸ਼ਾ ਹੈ । ਅਸੀਂ ਇਸ ਘੋਲ ਬਾਰੇ ਆਪਣੇ ਸਰੋਕਾਰ ਸੋਸ਼ਲ ਮੀਡੀਆ ਰਾਹੀਂ ਸੰਗਤਾਂ ਅਤੇ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਅੱਗੇ ਰੱਖਦੇ ਆਏ ਹਾਂ , ਪਰ ਸ਼ਾਇਦ ਕਹਿਣ – ਸੁਣਨ ਜਾਂ ਧਾਰਨਾਵਾਂ ਦੇ ਫਰਕ ਕਰਕੇ ਲੋੜੀਂਦੀ ਇਕਸੁਰਤਾ ਨਹੀਂ ਬਣ ਸਕੀ|
ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਸਾਂਝੇ ਮੋਰਚੇ ਦੀ ਫਤਹਿ ਲਈ ਆਪਾਂ ਸਾਰੇ ਹੀ ਆਪਸੀ ਇਤਫਾਕ ਤੇ ਸਾਂਝ ਨੂੰ ਮਜਬੂਤ ਕਰਨ ਦੇ ਹਾਮੀ ਹਾਂ ਬੱਸ ਇਸ ਲਈ ਲੋੜੀਂਦਾ ਮਹੌਲ ਬਣਾਉਣ ਦੀ ਲੋੜ ਹੈ । ਗੁਰੂ ਸਾਹਿਬਾਨ ਵੱਲੋਂ “ ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਮਹਾਂਵਾਕ ਵਿੱਚ ਬਖਸ਼ਿਸ਼ ਕੀਤੀ ਮਾਰਗ – ਸੋਧ ਉੱਤੇ ਚੱਲ ਕੇ ਅਸੀਂ ਯਕੀਨਨ ਹੀ ਉਹ ਮਹੌਲ ਸਿਰਜ ਲਵਾਂਗੇ । ਮੈਂ ਆਪਣੇ ਵੱਲੋਂ ਇਸ ਚਿੱਠੀ ਰਾਹੀਂ ਆਪਸੀ ਵਿਚਾਰ ਲਈ ਸੁਹਿਰਦ ਤੇ ਸਨਿਮਰ ਪਹਿਲਦਮੀ ਕਰ ਰਿਹਾ ਹਾਂ , ਤੁਹਾਡੇ ਵੱਲੋਂ ਵੀ ਅਜਿਹੇ ਹੀ ਹੁੰਗਾਰੇ ਦੀ ਆਸ ਹੈ । ਧੰਨਵਾਦ ਸਹਿਤ , ( ਦੀਪ ਸਿੰਧੂ )
