‘‘ਪੰਜ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ। ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ।’’
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹਾ ਦਤ ਲਈ ਲਾਹੌਰ ਜਾਣ ਤੋਂ ਪਹਿਲਾਂ 25 ਮਈ ਸੰਨ 1606 ਈ: ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ 11 ਸਾਲ ਦੀ ਉਮਰ ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਕੀਤਾ।ਗੁਰੂ ਪਿਤਾ ਜੀ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ‘ਮੀਰੀ’ ਦੀ ਤਲਵਾਰ ਸੰਸਾਰਕ ਪੱਖ ਨੂੰ ਅਤੇ ‘ਪੀਰੀ’ ਦੀ ਤਲਵਾਰ ਆਤਮਿਕ ਪੱਖ ਨੂੰ ਦਰਸਾਉਂਦੀ ਸੀ।
‘ਮੀਰੀ ਤੇ ਪੀਰੀ’ ਦੇ ਸੁਮੇਲ ਨੂੰ ਅਮਲੀ ਜਾਮਾ ਪਹਿਨਾਉਣ ਲਈ ਸੱਚ ਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਗਈ। ਅਕਾਲ ਤਖਤ ਸਾਹਿਬ ਦੇ ਅੱਗੇ ਨਗਾਰਾ ਅਤੇ ‘ਮੀਰੀ ਤੇ ਪੀਰੀ’ ਜਾਂ ਧਰਮ ਤੇ ਰਾਜਨੀਤੀ ਦੇ ਪ੍ਰਤੀਕ ਦੋ ਨਿਸ਼ਾਨ ਸਾਹਿਬ ਸਥਾਪਿਤ ਕੀਤੇ ਗਏ। ਗੁਰੂ ਸਾਹਿਬ ਜੀ ਮੀਰੀ ਅਤੇ ਪੀਰੀ, ਦੀਆਂ ਦੋ ਕਿਰਪਾਨਾਂ ਪਹਿਨ ਕੇ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਤਖਤ ਉੱਤੇ ਬਿਰਾਜਮਾਨ ਹੋਏ। ਗੁਰੂ ਘਰ ਦੇ ਢਾਡੀ ਅਬਦੁੱਲਾ ਤੇ ਨੱਥਮੱਲ ਨੇ ਤਖਤ ਸਾਹਿਬ ‘ਤੇ ਬਿਰਾਜਣ ਅਤੇ ਦੋ ਤਲਵਾਰਾਂ ਪਹਿਨਣ ਦਾ ਜ਼ਿਕਰ ਇਸ ਤਰਾਂ ਆਉਂਦਾ ਹੈ :-ਦੋ ਤਲਵਾਰਾਂ ਬੱਧੀਆਂ,ਇੱਕ ਮੀਰੀ ਦੀ ਇੱਕ ਪੀਰੀ ਦੀ। ਇੱਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜੀਰੀ ਦੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੌਮ ਵਿੱਚ ਚੜ੍ਹਦੀ ਕਲਾ ਦਾ ਸੰਚਾਰ ਕਰਨ ਲਈ ਸੰਗਤਾਂ ਦੇ ਨਾਮ ਹੁਕਮਨਾਮੇ ਜਾਰੀ ਕੀਤੇ ਤੇ ਕਿਹਾ ਕਿ ਅੱਜ ਤੋਂ ਬਾਅਦ ਮੇਰੀ ਪਿਆਰੀ ਭੇਟਾ ਚੰਗੇ ਸ਼ਸ਼ਤਰ, ਚੰਗੇ ਘੋੜੇ ਤੇ ਚੰਗੀ ਜਵਾਨੀ ਹੋਵੇਗੀ।“ ਇਸ ਤੋਂ ਇਲਾਵਾ ਗੁਰੂ ਸਾਹਿਬ ਜੀ ਨੇ ਫੌਜ ਤਿਆਰੀਆਂ ਦਾ ਵਿਸਥਾਰ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਗਾਰਾ, ਕਿਲ੍ਹਾ ਲੋਹਗੜ੍ਹ ਸਾਹਿਬ ਦੀ ਸਥਾਪਨਾ ਅਤੇ ਸ਼ਹਿਰ ਦੇ ਬਚਾਅ ਲਈ ਸਾਰੇ ਸ਼ਹਿਰ ਦੇ ਦੁਆਲੇ ਮਜਬੂਤ ਦੀਵਾਰ ਦੀ ਉਸਾਰੀ ਕੀਤੀ। ਸਿੱਖ ਸੈਨਿਕਾਂ ਦੀ ਵੱਧਦੀ ਹੋਈ ਗਿਣਤੀ ਨੂੰ ਦੇਖ ਕੇ ਸਾਰੀ ਫੌਜ ਨੂੰ ਪੰਜ ਜਥਿਆਂ ਵਿੱਚ ਵੰਡ ਕੇ ਭਾਈ ਬਿਧੀ ਚੰਦ, ਭਾਈ ਲੰਗਾਹ, ਭਾਈ ਪੈੜਾ, ਭਾਈ ਪਰਾਣਾ ਤੇ ਭਾਈ ਜੇਠਾ ਜੀ ਪੰਜ ਜਥੇਦਾਰਾਂ ਦੀ ਨਿਯੁਕਤੀ ਕੀਤੀ। ਕੁਝ ਹੀ ਦਿਨਾਂ ਦੇ ਵਿੱਚ ਗੁਰੂ ਪਾਤਿਸ਼ਾਹ ਜੀ ਦੀ ਫੌਜ ਵਿੱਚ ਹਜ਼ਾਰਾਂ ਨੌਜਵਾਨ, ਘੋੜ ਸਵਾਰ, ਘੋੜੇ, ਵਧੀਆਂ ਤੋਂ ਵਧੀਆਂ ਸ਼ਸਤਰ ਲੈ ਕੇ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਗਏ।
ਦਿੱਲੀ ਦੀ ਜਿਹੜੀ ਸਰਕਾਰ ਦੇਸ਼ ਵਾਸੀਆਂ ਨੂੰ ਦਸਤਾਰ ਸਜਾਉਣ, ਘੋੜਸਵਾਰੀ ਕਰਨ, ਸ਼ਸ਼ਤਰ ਪਹਿਨਣ ਅਤੇ ਆਪਣੇ ਘਰ ਵਿੱਚ ਤਿੰਨ ਫੁੱਟ ਉੱਚਾ ਥੜ੍ਹਾ ਬਣਾ ਕੇ ਬੈਠਣ ਦੀ ਇਜਾਜ਼ਤ ਨਹੀਂ ਸੀ ਦਿੰਦੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਇੰਨ੍ਹਾਂ ਸਰਗਰਮੀਆਂ ਨੂੰ ਦੇਖ ਕੇ ਦਿੱਲੀ ਦੀ ਮੁਗਲ ਸਰ ਕਾਰ ਹਿੱਲ ਗਈ। ਪ੍ਰਿੰ: ਸੁਰਿੰਦਰ ਸਿੰਘ ਮੋ: 98550-98750
