ਦਸ਼ਮੇਸ਼ ਪਿਤਾ ਜੀ ਨੇ ਇਸ ਪਵਿੱਤਰ ਅਸਥਾਨ ਤੇ ਸ਼੍ਰੀ ਚੋਪਈ ਸਾਹਿਬ ਦਾ ਉਚਾਰਣ ਕੀਤਾ’ਗੁਰਦਵਾਰਾ ਸ਼੍ਰੀ ਬਿਭੋਰ ਸਾਹਿਬ ਜ਼ਿਲਾ ਰੋਪੜ ਦੇ ਸ਼ਹਿਰ ਨੰਗਲ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਰਾਜਾ ਰਤਨ ਰਾਏ ਦੇ ਬੁਲਾਵੇ ਤੇ ਆਏ | ਗੁਰੂ ਸਾਹਿਬ ਇਥੇ ਕਈ ਮਹੀਨੇ ਰੁਕੇ ਅਤੇ ਇਥੇ ਰਹਿੰਦੇ ਹੋਏ ਸਤਲੁਜ ਦਰਿਆ ਦੇ ਕੰਡੇ ਤੇ ਸ਼੍ਰੀ ਚੋਪਈ ਸਾਹਿਬ ਦਾ ਉਚਾਰਣ ਕੀਤਾ |ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਨੰਗਲ ਨਗਰ ਦੇ ਨੇੜੇ ਵਸਿਆ ਇਕ ਪਿੰਡ ਜਿਥੇ ਗੁਰੂ ਗੋਬਿੰਦ ਸਿੰਘ ਜੀ ਇਕ ਵਾਰ ਬਿਰਾਜੇ ਸਨ ।
ਸਿੱਖ ਇਤਿਹਾਸ ਅਨੁਸਾਰ ਬਿਭੋਰ ਇਕ ਛੋਟੀ ਜਿਹੀ ਪਹਾੜੀ ਰਿਆਸਤ ਸੀ ਅਤੇ ਰਾਉ ਰਤਨ ਚੰਦ ਇਸ ਉਤੇ ਰਾਜ ਕਰਦਾ ਸੀ । ਉਹ ਦਸਮ ਗੁਰੂ ਜੀ ਦਾ ਬੜਾ ਸ਼ਰਧਾਲੂ ਸੀ , ਪਰ ਦੂਜੇ ਪਹਾੜੀ ਰਾਜਿਆਂ ਤੋਂ ਡਰਦਾ ਉਹ ਗੁਰੂ ਜੀ ਪ੍ਰਤਿ ਆਪਣੀ ਸ਼ਰਧਾ ਨੂੰ ਵਿਅਕਤ ਨਹੀਂ ਕਰ ਸਕਦਾ ਸੀ । ਨਾਹਨ ( ਰਿਆਸਤ ਸਰਮੌਰ ) ਦਾ ਰਾਜਾ ਮੇਦਨੀ ਪ੍ਰਕਾਸ਼ ਵੀ ਗੁਰੂ ਜੀ ਦਾ ਸਿਦਕੀ ਸਿੱਖ ਸੀ । ਉਸ ਦੀ ਬੇਨਤੀ’ ਤੇ ਗੁਰੂ ਜੀ ਉਸ ਦੀ ਰਿਆਸਤ ਵਿਚ ਆਏ ਅਤੇ ਯਮੁਨਾ ਨਦੀ ਦੇ ਕੰਢੇ ਪਾਉਂਟਾ ਸਾਹਿਬ ਗੁਰਦੁਆਰੇ ਵਾਲੀ ਥਾਂ ਉਤੇ ਕਈ ਸਾਲ ਨਿਵਾਸ ਕੀਤਾ । ਰਾਜਾ ਮੇਦਨੀ ਪ੍ਰਕਾਸ਼ ਨੇ ਆਪਣੀ ਜਵਾਨ ਹੋਈ ਪੁੱਤਰੀ ਦਾ ਰਿਸ਼ਤਾ ਕਰਨ ਲਈ ਕਿਸੇ ਅਜਿਹੇ ਪਹਾੜੀ ਰਾਜਕੁਮਾਰ ਦੀ ਤਲਾਸ਼ ਸੀ ਜੋ ਗੁਰੂ-ਘਰ ਦਾ ਸ਼ਰਧਾਲੂ ਹੋਏ । ਉਸ ਨੇ ਆਪਣੀ ਪੁੱਤਰੀ ਦਾ ਵਿਆਹ ਬਿਭੌਰ ਦੇ ਰਾਜਾ ਰਤਨ ਚੰਦ ਨਾਲ ਕਰ ਦਿੱਤਾ ।ਇਕ ਦਿਨ ਗੁਰੂ ਜੀ ਸ਼ਿਕਾਰ ਖੇਡਦਿਆਂ ਬਿਭੌਰ ਵਲ ਨਿਕਲ ਗਏ ਅਤੇ ਉਧਰੋਂ ਰਾਜਾ ਰਤਨ ਚੰਦ ਵੀ ਸ਼ਿਕਾਰ ਖੇਡਦਾ ਉਧਰ ਨੂੰ ਆ ਪਹੁੰਚਿਆ । ਗੁਰੂ ਜੀ ਦੇ ਦਰਸ਼ਨ ਕਰਕੇ ਰਾਜਾ ਬਹੁਤ ਪ੍ਰਸੰਨ ਹੋਇਆ । ਰਾਜਾ ਰਤਨ ਚੰਦ ਦੀ ਬੇਨਤੀ’ ਤੇ ਗੁਰੂ ਜੀ ਉਸ ਦੇ ਮਹੱਲ ਵਿਚ ਗਏ । ਉਸ ਦੀ ਪਤਨੀ ਵੀ ਆਪਣੇ ਧੰਨ ਭਾਗ ਸਮਝਣ ਲਗੀ ।
ਉਸ ਸਥਾਨ ਨੂੰ ਅਤਿ ਸੁੰਦਰ ਅਤੇ ਰਮਣੀਕ ਵੇਖ ਕੇ ਗੁਰੂ ਜੀ ਸੰਨ 1700-1701 ਈ. ਵਿਚ ਉਥੇ ਕਈ ਮਹੀਨੇ ਰਹੇ ।ਗੁਰੂ ਜੀ ਦੇ ਨਿਵਾਸ ਵਾਲੇ ਸਥਾਨ ਉਤੇ ਹੁਣ ‘ ਗੁਰਦੁਆਰਾ ਬਿਭੌਰ ਸਾਹਿਬ’ ਉਸਰਿਆ ਹੋਇਆ ਹੈ । ਇਸ ਦੀ ਵਰਤਮਾਨ ਇਮਾਰਤ ਦੀ ਉਸਾਰੀ ਆਨੰਦਪੁਰ ਵਾਲੇ ਸੰਤ ਸੇਵਾ ਸਿੰਘ ਨੇ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿਚ ਕਰਵਾਈ ਸੀ । ਇਸ ਗੁਰੂ-ਧਾਮ ਦੀ ਵਿਵਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ । ਇਥੇ ਭਾਦੋਂ ਸੁਦੀ ਅਸ਼ਟਮੀ ਨੂੰ ਸਾਲਾਨਾ ਧਾਰਮਿਕ ਮੇਲਾ ਲਗਦਾ ਹੈ ।
