Home / ਹੋਰ ਜਾਣਕਾਰੀ / ਗੁਰੂ ਸਾਹਿਬ ਜੀ ਨੇ ਜਦੋ ਆਪਣੇ ਸਿੱਖ ਨੂੰ ਸਮਝਾਇਆ

ਗੁਰੂ ਸਾਹਿਬ ਜੀ ਨੇ ਜਦੋ ਆਪਣੇ ਸਿੱਖ ਨੂੰ ਸਮਝਾਇਆ

ਇੱਕ ਦਿਨ ਇੱਕ ਸਿੱਖ ਨੇ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਆਪਣਾ ਸ਼ੰਕਾ ਦੂਰ ਕਰਨ ਵਾਸਤੇ ਬੇਨਤੀ ਕਰ ਪੁੱਛਿਆ ਪਾਤਸ਼ਾਹ! ਆਪ ਜੀ ਦੇ ਦਰਸ਼ਨ ਵੀ ਸਾਰੇ ਸਿੱਖ ਕਰਦੇ ਹਨ, ਬਚਨ ਵੀ ਸਾਰੇ ਸੁਣਦੇ ਹਨ, ਆਪ ਨੂੰ ਮੱਥਾ ਵੀ ਸਾਰੇ ਟੇਕਦੇ ਹਨ, ਫਿਰ ਇੰਨਾਂ ਫ਼ਰਕ ਕਿਉਂ? ਕੋਈ ਈਰਖਾ ਦ੍ਵੈਖ ਤੋਂ ਨਿਰਲੇਪ ਸਮ ਬਿਰਤੀ ਵਾਲਾ ਬਣ ਜਾਂਦਾ ਹੈ। ਕਈਆਂ ਦਾ ਈਰਖਾ ਤੇ ਵੈਰ ਵਿਰੋਧ ਪਿੱਛਾ ਨਹੀਂ ਛੱਡਦੇ ਤੇ ਕਈਆਂ ਉੱਪਰ ਤੁਹਾਡੇ ਦਰਸ਼ਨ ਕਰ ਤੇ ਬਚਨ ਸੁਣ ਕੋਈ ਅਸਰ ਨਹੀਂ ਹੁੰਦਾ, ਕਾਰਣ ਕੀ ਹੈ?

ਕਲਗੀਧਰ ਜੀ ਨੇ ਸਿੱਖ ਨੂੰ ਹੁਕਮ ਕੀਤਾ ਗੁਰਸਿੱਖਾ! ਆਹ ਗੜਵਾ ਪਿਆ ਹੈ, ਇਸ ਨੂੰ ਪਾਣੀ ਨਾਲ ਭਰ ਕੇ ਲਿਆ। ਗਰੁ ਸਿੱਖ ਨੇ ਪਾਣੀ ਦਾ ਗੜਵਾ ਭਰ ਲਿਆਂਦਾ। ਸਤਿਗੁਰੂ ਜੀ ਨੇ ਅਗਲਾ ਹੁਕਮ ਸਿੱਖ ਨੂੰ ਦਿੱਤਾ, ਕਿ ਇੱਕ ਪੱਥਰ ਦੀ ਗੀਟੀ ਤੇ ਇੱਕ ਮਿੱਟੀ ਦੀ ਢੀਮ ਲਿਆ। ਗੁਰਸਿੱਖ ਨੇ ਪੱਥਰ ਦੀ ਗੀਟੀ ਤੇ ਮਿੱਟੀ ਦੀ ਢੀਮ ਸਤਿਗੁਰੂ ਜੀ ਦੇ ਲਿਆ ਹਾਜ਼ਰ ਕੀਤੀ।ਸਤਿਗੁਰੂ ਜੀ ਨੇ ਆਪਣੇ ਪਾਸ ਪਏ ਪਤਾਸਿਆਂ ਵਿੱਚੋਂ ਇੱਕ ਪਤਾਸਾ ਵੀ ਗੁਰਸਿੱਖ ਨੂੰ ਦਿੱਤਾ ਤੇ ਹੁਕਮ ਕੀਤਾ, ਇਹ ਪਤਾਸਾ, ਮਿੱਟੀ ਦੀ ਢੀਮ ਤੇ ਪੱਥਰ ਦੀ ਗੀਟੀ ਪਾਣੀ ਦੇ ਗੜਵੇ ਵਿੱਚ ਪਾ ਦੇਹ। ਗੁਰਸਿੱਖ ਨੇ ਬਚਨ ਮੰਨ ਕੇ ਤਿੰਨੇ ਚੀਜਾਂ ਪਾਣੀ ਦੇ ਗੜਵੇ ਵਿੱਚ ਪਾ ਦਿੱਤੀਆਂ। ਥੋੜ੍ਹਾ ਸਮਾਂ ਬਚਨ ਬਿਲਾਸ ਕਰਨ ਉਪੰ੍ਰਤ ਸਤਿਗੁਰਾਂ ਉਸੇ ਗੁਰਸਿੱਖ ਨੂੰ ਹੁਕਮ ਕੀਤਾ ਕਿ ਇਸ ਗੜਵੇ ਵਿੱਚੋਂ ਪਤਾਸਾ, ਢੀਮ ਤੇ ਗੀਟੀ ਕੱਢੇ। ਪਤਾਸਾ ਜਲ ਦਾ ਰੂਪ ਬਣ ਗਿਆ, ਢੀਮ ਗਾਰਾ ਬਣ ਗਈ, ਪੱਥਰ ਦੀ ਗੀਟੀ ਉਵੇਂ ਦੀ ਉਵੇਂ ਕੋਰੀ ਨਿਕਲੀ।

ਸਤਿਗੁਰੂ ਜੀ ਨੇ ਬਚਨ ਕੀਤਾ ਭਾਈ ਗੁਰਸਿੱਖੋ! ਸੱਚੇ ਸਿੱਖ ਪ੍ਰੇਮ ਨਾਲ ਗੁਰੂ ਕੀ ਬਾਣੀ ਪੜ੍ਹ ਨਾਮ ਜਪ ਕੇ ਨਿਸ਼ਕਾਮ ਸੇਵਾ ਭਗਤੀ ਕਰਕੇ ਗੁਰੂ ਨੂੰ ਪਰਮੇਸ਼ਰ ਦਾ ਰੂਪ ਮੰਨ ਗੁਰੂ ਬਚਨਾਂ ਦੀ ਕਮਾਈ ਕਰ ਆਪਾ ਭਾਵ ਗੁਆ ਕੇ ਪਰਮਾਤਮਾਂ ਦਾ ਰੂਪ ਬਣ ਜਾਂਦੇ ਹਨ ਜਿਵੇਂ ਪਤਾਸਾ ਪਾਣੀ ਵਿੱਚ ਪੈ ਕੇ ਆਪਣਾ ਅਕਾਰ ਤੇ ਹੋਂਦ ਖਤਮ ਕਰ ਕੇ ਪਾਣੀ ਦਾ ਰੂਪ ਬਣ ਗਿਆ, ਪਾਣੀ ਤੇ ਪਤਾਸਾ ਇੱਕ ਰੂਪ ਹੋ ਗਏ ਹਨ।ਦੂਸਰੇ ਉਹ ਸਿੱਖ ਹਨ ਜੋ ਨਿਸ਼ਕਾਮਤਾ ਨਾਲ ਨਹੀਂ ਬਲਕਿ ਮਨ ਵਿੱਚ ਕੋਈ ਕਾਮਨਾ ਰੱਖ ਕੇ, ਬਾਣੀ ਵੀ ਪੜ੍ਹਦੇ ਤੇ ਪ੍ਰੇਮ ਨਾਲ ਨਾਮ ਵੀ ਜਪਦੇ ਹਨ, ਪਿਆਰ ਨਾਲ ਸੇਵਾ ਵੀ ਕਰਦੇ ਤੇ ਗੁਰੂ ਹੁਕਮ ਵੀ ਮੰਨਦੇ ਹਨ। ਉਹ ਪਰਮਾਤਮਾ ਨਾਲ ਮਿਲ ਤਾਂ ਜਾਂਦੇ ਹਨ ਪਰ ਪਰਮਾਤਮਾਂ ਨਾਲ ਅਭੇਦ ਨਹੀ ਹੁੰਦੇ ਉਹ ਮਿਲੇ ਵੀ ਹੁੰਦੇ ਹਨ ਤੇ ਵੱਖਰਾ-ਪਨ ਵੀ ਉਨ੍ਹਾਂ ਦਾ ਬਣਿਆ ਰਹਿੰਦਾ ਹੈ। ਜਿਵੇਂ ਮਿੱਟੀ ਦੀ ਢੀਮ ਪਾਣੀ ਵਿੱਚ ਘੁਲ ਵੀ ਗਈ ਹੈ ਪਰ ਉਸ ਦੀ ਵੱਖਰੀ ਹਸਤੀ ਚਿੱਕੜ ਦੇ ਰੂਪ ਵਿੱਚ ਕਾਇਮ ਵੀ ਹੈ। ਅਜਿਹੇ ਸਿੱਖਾਂ ਨੂੰ ਪਰਮਾਤਮਾ ਨਾਲ ਅਭੇਦ ਹੋਣ ਲਈ, ਆਪਣੀ ਹਂੋਦ ਤੇ ਕਾਮਨਾ ਖਤਮ ਕਰਨ ਲਈ ਮੁੜ ਜਨਮ ਧਾਰਨ ਕਰਕੇ, ਨਿਸ਼ਕਾਮ ਭਗਤੀ ਕਰਨੀ ਪੈਂਦੀ ਹੈ। ਜਿੰਨਾਂ ਚਿਰ ਉਨ੍ਹਾਂ ਦਾ ਆਪਾ ਭਾਵ (ਵੱਖਰਾ-ਪਨ) ਤੇ ਦੁਨੀਆਂ ਨਾਲੋਂ ਪੂਰਨ ਲਗਾਓ ਨਹੀਂ ਟੁੱਟਦਾ ਉਨ੍ਹਾਂ ਚਿਰ ਉਨ੍ਹਾਂ ਨੂੰ ਪ੍ਰਭੂ ਸਰੂਪ ਵਿੱਚ ਅਭੇਦਤਾ ਪ੍ਰਾਪਤ ਨਹੀ ਹੁੰਦੀ।

ਤੀਸਰੇ ਉਹ ਹਨ ਜੋ ਕੇਵਲ ਲੋਕ ਵਿਖਾਵੇ ਲਈ, ਵਾਹਵਾ ਖੱਟਣ ਲਈ ਬਾਣੀ ਵੀ ਪੜ੍ਹਦੇ ਹਨ ਤੇ ਲੋਕ ਵਿਖਾਵੇ ਲਈ ਸੇਵਾ ਵੀ ਕਰਦੇ ਹਨ ਪਰ ਗੁਰੂ ਬਚਨਾਂ ਅਨੁਸਾਰ ਆਪਣਾ ਜੀਵਨ ਨਹੀਂ ਬਣਾਉਂਦੇ ਅਤੇ ਨਾ ਹੀ ਉਹ ਕਾਮਨਾ ਰਹਿਤ ਹੁੰਦੇ ਹਨ। ਅਜਿਹੇ ਵਿਖਾਵੇ ਵਾਲੇ ਸਿੱਖ ਪੱਥਰ ਵਾਂਗ ਉੱਪਰੋਂ ਗਿੱਲੇ ਦਿਖਾਈ ਦਿੰਦੇ ਹਨ ਪਰ ਅੰਦਰੋਂ ਨਾਮ ਬਾਣੀ ਦੇ ਰਸ ਤੋਂ ਅਭਿੱਜ ਕੋਰੇ ਹੁੰਦੇ ਹਨ। ਉਹ ਰਹਿਤ ਰਾਹੀਂ ਲੋਕ ਵਿਖਾਵਾ ਤਾਂ ਬਹੁਤ ਕਰਦੇ ਹਨ ਪਰ ਕਰਣੀ ਤੋਂ ਥੋਥੇ ਹੋਣ ਕਰਕੇ, ਉਹ ਅਭਿੱਜ ਪੱਥਰ ਵਰਗਾ ਜੀਵਨ ਬਤੀਤ ਕਰਦੇ ਆਵਾਗਉਣ ਦਾ ਜੀਵਨ ਭੋਗਦੇ ਹਨ।ਸੰਸਾਰ ਅੰਦਰ ਗੁਰਸਿੱਖੀ ਦੀ ਦਾਤ ਸਭ ਤੋਂ ਅਮੋਲਕ ਹੈ। ਜਿਸ ਜਗਿਆਸੂ ਨੂੰ ਸਤਿਗੁਰੂ ਜੀ ਗੁਰਸਿੱਖੀ ਦੀ ਦਾਤ ਪ੍ਰਦਾਨ ਕਰ ਦਿੰਦੇ ਹਨ। ਉਹ ਸਭ ਤੋਂ ਉੱਚੇ ਭਾਗਾਂ ਵਾਲਾ ਬਣ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਸ੍ਰੀ ਗੁਰੂ ਰਾਮਦਾਸ ਜੀ ਦਾ ਫੁਰਮਾਨ ਹੈ:- ਸਭ ਦੂ ਵਡੇ ਭਾਗ ਗੁਰਸਿਖਾ ਕੇ ਜੋ ਗੁਰ ਚਰਣੀ ਸਿਖ ਪੜਤਿਆ ਮ: ੪, ਅੰਗ: ੬੪੯

ਸਿੱਖਿਆ – ਗੁਰੂ ਚਰਨਾਂ ਵਿੱਚ ਥੋੜ੍ਹਾ ਸਮਾਂ ਬੈਠ ਇਕਾਗਰ ਚਿੱਤ ਹੋ ਬਾਰ-ਬਾਰ ਗੁਰ ਸਿੱਖੀ ਦੀ ਦਾਤ ਪ੍ਰਾਪਤ ਕਰਨ ਲਈ ਕਲਗੀਧਰ ਜੀ ਦੇ ਚਰਨਾਂ ਵਿੱਚ ਅਰਜ਼ੋਈਆਂ ਕਰੀਏ ਤੇ ਨਾਲ ਇਹ ਵੀ ਬੇਨਤੀ ਕਰੀਏ ਕਿ ਦਾਤਾ! ਗੁਰਸਿੱਖੀ ਦੀ ਦਾਤ ਪਤਾਸੇ ਵਰਗੀ ਬਖਸ਼ਿਸ਼ ਕਰਿਓ। ਮਿੱਟੀ ਦੀ ਢੀਮ ਤੇ ਪੱਥਰ ਵਾਲੀ, ਵਿਖਾਵੇ ਵਾਲੀ ਤੇ ਸਾਕਾਮ ਸਿੱਖੀ ਦੇ ਅਸੀਂ ਧਾਰਨੀ ਨਾ ਬਣੀਏ। ਕਿਉਕਿ ਪੱਥਰ ਬਿਰਤੀ ਤੇ ਢੀਮ ਬ੍ਰਿਤੀ ਦਾ ਧਾਰਨੀ ਗੁਰੂ ਦੇ ਕੋਲ ਬੈਠਾ ਬਚਨ ਸੁਣਦਾ ਵੀ ਗੁਰੂ ਮਿਹਰ ਤੋਂ ਖਾਲੀ ਰਹਿ ਜਾਂਦਾ ਹੈ।

About Jagjit Singh

Check Also

ਇਸ ਪਵਿੱਤਰ ਖੂਹ ਦੇ ਜਲ ਨਾਲ ਦੂਰ ਹੁੰਦੇ ਚਮੜੀ ਰੋਗ, America Canada ਤੋਂ ਆਉਂਦੀ ਹੈ ਸੰਗਤ

ਤੁਹਾਨੂੰ ਅੱਜ ਅਸੀਂ ਇਕ ਗੁਰਦਵਾਰਾ ਸਾਹਿਬ ਬਾਰੇ ਦੱਸ ਰਹੇ ਹਾਂ ਜਿਸ ਗੁਰਦਵਾਰਾ ਸਾਹਿਬ ਦਾ ਨਾਮ …

Leave a Reply

Your email address will not be published.