ਪੰਜਾਬੀ ਇੰਡਸਟਰੀ ਦੇ ਕਮਾਲ ਦੇ ਐਕਸ਼ਨ ਹੀਰੋ ਦੇਵ ਖਰੌੜ ਅੱਜ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ । ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ । ਦਰਸ਼ਕ ਉਨ੍ਹਾਂ ਦੀ ਅਦਾਕਾਰੀ ਨੂੰ ਖੂਬ ਪਸੰਦ ਕਰਦੇ ਨੇ ਜਿਸਦਾ ਪਤਾ ਚੱਲਦਾ ਹੈ ਜਦੋਂ ਫ਼ਿਲਮ ਰਿਲੀਜ਼ ਹੁੰਦੀ ਹੈ ਤਾਂ ਹਰ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ । ਪਰ ਇਸ ਮੁਕਾਮ ‘ਤੇ ਪਹੁੰਚਣ ਲਈ ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪਈ ਹੈ ।ਉਹ ਬਚਪਨ ਤੋਂ ਹੀ ਐਕਟਰ ਬਣਨਾ ਚਾਹੁੰਦੇ ਸੀ ।
ਪਟਿਆਲਾ ਦੇ ਜੰਮਪਲ ਦੇਵ ਖਰੌੜ ਨੇ ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ‘ਚੋਂ ਬੀ.ਏ ਕੀਤੀ । ਉਹ ਵਾਲੀਬਾਲ ਦੇ ਚੰਗੇ ਖਿਡਾਰੀ ਰਹੇ ਨੇ । ਉੱਚੇ ਲੰਬੇ ਕੱਦ ਤੇ ਖੇਡ ‘ਚ ਵਧੀਆ ਹੋਣ ਕਰਕੇ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਪੰਜਾਬ ਪੁਲਿਸ ਭਰਤੀ ਹੋਣ ਲਈ ਜ਼ੋਰ ਪਾਇਆ ਤੇ ਪੁਲਿਸ ਟੈਸਟ ਦੇਣ ਤੋਂ ਬਾਅਦ ਉਹ ਪੰਜਾਬ ਪੁਲਿਸ ‘ਚ ਭਰਤੀ ਹੋ ਗਏ । ਪਰ ਉਨ੍ਹਾਂ ਦਾ ਮਨ ਤਾਂ ਐਕਟਿੰਗ ‘ਚ ਹੀ ਸੀ । ਜਿਸ ਕਰਕੇ ਕੁਝ ਸਮੇਂ ਬਾਅਦ ਉਨ੍ਹਾਂ ਨੇ ਸਰਕਾਰੀ ਨੌਕਰੀ ਨੂੰ ਛੱਡ ਦਿੱਤਾ । ਜਿਸ ਕਰਕੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਤਾਹਨੇ ਦੇਣ ਲੱਗ ਗਏ ਕਿ ਇਸ ਮੁੰਡੇ ਦਾ ਕੁਝ ਨਹੀਂ ਹੋਣਾ । ਪਰ ਦੇਵ ਖਰੌੜ ਆਪਣੀ ਅਦਾਕਾਰੀ ਦੇ ਖੇਤਰ ‘ਚ ਲਗਾਤਾਰ ਮਿਹਨਤ ਕਰਦੇ ਰਹੇ ।ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਬੱਡੀ ਇੱਕ ਮੁਹੱਬਤ ਦੇ ਨਾਲ ਕੀਤੀ ਸੀ ।
ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਜਿਸ ‘ਚ ‘ਸਾਡਾ ਹੱਕ’, ‘ਰੁਪਿੰਦਰ ਗਾਂਧੀ’ , ਰੁਪਿੰਦਰ ਗਾਂਧੀ-2, ‘ਦੁੱਲਾ ਭੱਟੀ’, ਬਲੈਕੀਆ, ਡੀ ਐੱਸ ਪੀ ਦੇਵ ਵਰਗੀਆਂ ਸੁਪਰ ਹਿੱਟ ਫ਼ਿਲਮਾਂ ਸ਼ਾਮਿਲ ਹਨ । ਪਿਛਲੇ ਸਾਲ ਆਈਆਂ ਸੁਪਰ ਹਿੱਟ ਫ਼ਿਲਮਾਂ ਬਲੈਕੀਆ ਤੇ ਡੀ ਐੱਸ ਪੀ ਦੇਵ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀਆਂ ਵੱਖ- ਵੱਖ ਕੈਟਾਗਿਰੀਆਂ ਲਈ ਨੌਮੀਨੇਟ ਹੋਈਆਂ ਨੇ । ਦੇਵ ਖਰੌੜ ਖੁਦ ਵੀ ਬਲੈਕੀਆ ਫ਼ਿਲਮ ਲਈ ਬੈਸਟ ਐਕਟਰ ਦੀ ਕੈਟਾਗਿਰੀ ਲਈ ਨੌਮੀਨੇਟ ਹੋਏ ਨੇ ।
