ਹੁਸ਼ਿਆਰਪੁਰ ਦੇ ਬਲਾਕ ਨਕੋਦਰ ਦੇ ਪਿੰਡ ਪੰਡੋਰੀ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਰਵਿਦਾਸ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਉਤਾਰਨ ਦਾ ਮਾਮਲਾ ਸੁਲਝਦਾ ਨਜ਼ਰ ਨਹੀਂ ਆ ਰਿਹਾ। ਸੰਗਤਾਂ ਵਿੱਚ ਰੋਸ ਹੈ ਕਿ ਸਤਿਕਾਰ ਕਮੇਟੀ ਦੇ 3 ਮੈਂਬਰਾਂ ਨੇ ਵਾਈਪਰ ਦੀ ਮਦਦ ਨਾਲ ਇਨ੍ਹਾਂ ਰਹਿਬਰਾਂ ਦੀਆਂ ਤਸਵੀਰਾਂ ਉਤਾਰ ਕੇ ਬੇਅਦਬੀ ਕੀਤੀ ਹੈ। ਸੰਗਤਾਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਪੁਲੀਸ ਨੇ ਮਾਮਲਾ ਦਰਜ ਕਰ ਕੇ 2 ਵਿਅਕਤੀ ਫੜ ਲਏ ਹਨ।
ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਉਹ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਨਮ ਦਿਨ ਮਨਾਉਣ ਦੇ ਸਬੰਧ ਵਿਚ ਲੰਗਰ ਲਗਾ ਰਹੇ ਸਨ ਕਿ ਉਥੇ 3 ਵਿਅਕਤੀ ਆਏ, ਜਿਨ੍ਹਾਂ ਨੇ ਪਹਿਲਾਂ ਉੱਥੇ ਕੁਝ ਲੋਕਾਂ ਨਾਲ ਗੱਲ ਕੀਤੀ ਅਤੇ ਫੇਰ ਸ੍ਰੀ ਗੁਰੂ ਰਵਿਦਾਸ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਉਤਾਰਨ ਲੱਗੇ। ਜਿਹੜੀਆਂ ਤਸਵੀਰਾਂ ਨੀਵੀਆਂ ਸਨ,
ਉਹ ਹੱਥ ਨਾਲ ਉਤਾਰੀਆਂ ਗਈਆਂ। ਜਿਹੜੀਆਂ ਉੱਚੀਆਂ ਸਨ, ਉਹ ਵਾਈਪਰ ਨਾਲ ਉਤਾਰੀਆਂ ਗਈਆਂ। ਜਿਸ ਤੇ ਸੰਗਤਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ। ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਪੁਲੀਸ ਨੇ 295 ਅਤੇ 34 ਆਈ.ਪੀ ਸੀ ਅਧੀਨ ਮਾਮਲਾ ਦਰਜ ਕੀਤਾ ਹੈ। ਜਿਸ ਤੋਂ ਉਹ ਸੰਤੁਸ਼ਟ ਨਹੀਂ ਹਨ। ਉਨ੍ਹਾਂ ਦੀ ਮੰਗ ਹੈ
ਕਿ ਇਸ ਵਿਚ 295 ਏ ਅਤੇ ਐੱਸ.ਸੀ.ਐੱਸ.ਟੀ. ਐਕਟ ਦਾ ਵਾਧਾ ਕੀਤਾ ਜਾਵੇ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਪੰਡੋਰੀ ਦੇ ਗੁਰੂ ਘਰ ਵਿਚੋਂ ਰਹਿਬਰਾਂ ਦੀਆਂ ਵਾਈਪਰ ਨਾਲ ਤਸਵੀਰਾਂ ਉਤਾਰੇ ਜਾਣ ਕਾਰਨ ਸੰਗਤਾਂ ਦੇ ਮਨ ਵਿੱਚ ਠੇਸ ਲੱਗੀ ਹੈ। ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤਲਹਨ ਦੁਆਰਾ ਮੁੱਦਾ ਚੁੱਕੇ ਜਾਣ ਤੇ ਪੁਲੀਸ ਨੇ ਮਾਮਲਾ ਦਰਜ ਕਰਕੇ 2 ਬੰਦਿਆਂ ਨੂੰ ਕਾਬੂ ਕਰ ਲਿਆ ਹੈ ਅਤੇ ਇੱਕ ਨੂੰ ਫੜਨਾ ਬਾਕੀ ਹੈ। ਪੁਲੀਸ ਕਾਰਵਾਈ ਕਰ ਰਹੀ ਹੈ।
