ਤਾਮਿਲਨਾਡੂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਜ਼ਾਦ ਉਮੀਦਵਾਰ ਨੇ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕੀਤੇ ਹਨ। ਉਮੀਦਵਾਰ ਨੇ ਆਪਣੇ ਖੇਤਰ ਦੇ ਹਰੇਕ ਘਰ ਲਈ ਇੱਕ ਮਿੰਨੀ ਹੈਲੀਕਾਪਟਰ, ਇੱਕ ਕਰੋੜ ਰੁਪਏ ਸਾਲਾਨਾ ਡਿਪਾਜ਼ਿਟ, ਵਿਆਹਾਂ ਵਿੱਚ ਸੋਨੇ ਦੇ ਗਹਿਣੇ, ਤਿੰਨ ਮੰਜ਼ਿਲਾ ਘਰ ਦੇਣ ਦਾ ਵਾਅਦਾ ਕੀਤਾ ਹੈ। ਇਹੋ ਨਹੀਂ, ਇਸ ਵਿਅਕਤੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੋਟਰਾਂ ਨੂੰ ਚੰਨ ਦੀ ਯਾਤਰਾ ਕਰਵਾਉਣ ਦਾ ਵਾਅਦਾ ਵੀ ਕੀਤਾ ਹੈ।
ਦੱਸ ਦਈਏ ਕਿ ਇਸ ਤੋਂ ਇਲਾਵਾ ਉਨ੍ਹਾਂ ਆਪਣੇ ਚੋਣ ਹਲਕੇ ਵਿੱਚ ਇੱਕ ਰਾਕੇਟ ਲਾਂਚ ਪੈਡ, ਇਲਾਕੇ ਨੂੰ ਠੰਢਾ ਰੱਖਣ ਲਈ 300 ਫ਼ੁੱਟ ਉੱਚਾ ਬਰਫ਼ ਦਾ ਬਨਾਵਟੀ ਪਹਾੜ, ਸੁਆਣੀਆਂ ਦੇ ਕੰਮ ਦਾ ਬੋਝ ਘਟਾਉਣ ਲਈ ਇੱਕ ਰੋਬੋਟ ਦੇਣ ਦਾ ਵਾਅਦਾ ਵੀ ਕੀਤਾ ਹੈ ਪਰ ਇਹ ਸਿਰਫ਼ ਉਨ੍ਹਾਂ ਦੀ ਮੁਹਿੰਮ ਦਾ ਇੱਕ ਹਿੱਸਾ ਹੈ।ਥੁਲਮ ਸਰਵਨਨ ਇੱਕ ਆਜ਼ਾਦ ਉਮੀਦਵਾਰ ਹਨ, ਜੋ 6 ਅਪ੍ਰੈਲ ਨੂੰ ਤਾਮਿਲ ਨਾਡੂ ਦੇ ਮਦੁਰਾਇ ਚੋਣ ਹਲਕੇ ਤੋਂ ਚੋਣ ਲ ੜ ਰਹੇ ਹਨ। ਆਪਣੇ ਇਨ੍ਹਾਂ ਵਾਅਦਿਆਂ ਕਰਕੇ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਨ੍ਹਾਂ ਕਿਹਾ, ਮੇਰਾ ਮੰਤਵ ਸਿਆਸੀ ਪਾਰਟੀਆਂ ਵੱਲੋਂ ਚੋਣ ਮੈਦਾਨ ’ਚ ਉਤਾਰੇ ਜਾ ਰਹੇ ਉਮੀਦਵਾਰਾਂ ਵਿਰੁੱਧ ਜਾਗਰੂਕਤਾ ਪੈਦਾ ਕਰਨਾ ਹੈ। ਮੈਂ ਚਾਹੁੰਦਾ ਹਾਂ ਕਿ ਪਾਰਟੀਆਂ ਵਧੀਆ ਉਮੀਦਵਾਰ ਚੁਣਨ, ਜੋ ਸਨਿਮਰ ਹੋਣ।ਇਹ ਵੀ ਦੱਸ ਦੇਈਏ ਕਿ ਸਰਵਨਨ ਆਪਣੇ ਗ਼ਰੀਬ ਬਜ਼ੁਰਗ ਮਾਪਿਆਂ ਨਾਲ ਰਹਿੰਦੇ ਹਨ।
ਉਨ੍ਹਾਂ ਆਪਣਾ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਲਈ 20,000 ਰੁਪਏ ਉਧਾਰ ਲਏ ਸਨ। ਥੁਲਮ ਸਰਵਨਨ ਨੇ ਆਪਣਾ ਚੋਣ ਨਿਸ਼ਾਨ ‘ਕੂੜਾਦਾਨ’ ਰੱਖਿਆ ਹੈ। ਉਨ੍ਹਾਂ ਅਸਲ ਵਿੱਚ ਸਿਆਸੀ ਆਗੂਆਂ ਦਾ ਅਸਲੀ ਚਿਹਰਾ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਸਭ ਕਿਸੇ ਚੀਜ਼ ਜਾਂ ਪੈਸਿਆਂ ਦਾ ਲਾਲਚ ਦਿੰਦੇ ਹਨ ਪਰ ਕੋਈ ਵੀ ਸਾਫ਼ ਹਵਾ, ਪਾਣੀ ਜਾਂ ਗਾਰੰਟੀ ਨਾਲ ਰੋਜ਼ਗਾਰ ਦੇਣ ਦਾ ਵਾਅਦਾ ਨਹੀਂ ਕਰਦਾ।
