ਰਾਸ਼ਟਰਪਤੀ ਅਹੁਦੇ ਤੋਂ ਹੱਟਦੇ ਹੀ ਡੋਨਾਲਡ ਟਰੰਪ ‘ਤੇ ਅਮਰੀਕਾ ਦੇ ਕੁਝ ਨਿਯਮ ਲਾਗੂ ਹੋ ਜਾਣਗੇ। ਇਨ੍ਹਾਂ ਨਿਯਮਾਂ ਦੇ ਤਹਿਤ ਜਿਥੇ ਟਰੰਪ ਦੀ ਬਾਕੀ ਜ਼ਿੰਦਗੀ ਵਿਚ ਕੁਝ ਪਾਬੰਦੀਆਂ ਲੱਗੀਆਂ ਰਹਿਣਗੀਆਂ ਤਾਂ ਕੁਝ ਅਜਿਹੀਆਂ ਸ਼ਰਤਾਂ ਵੀ ਲਾਗੂ ਹੋਣਗੀਆਂ, ਜਿਨ੍ਹਾਂ ਨਾਲ ਉਨ੍ਹਾਂ ਦੀ ਜ਼ਿੰਦਗੀ ਵਿਚ ਪ੍ਰਾਈਵੇਸੀ ਨਾਂ ਦੀ ਕੋਈ ਚੀਜ਼ ਨਹੀਂ ਰਹਿ ਪਾਵੇਗੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀਆਂ ਦੇ ਨਾਲ ਲਾਗੂ ਹੋਣ ਵਾਲੇ ਕੁਝ ਨਿਯਮ ਤਾਂ ਇੰਨੇ ਸਖਤ ਹਨ ਕਿ ਬਰਾਕ ਓਬਾਮਾ ਸਮੇਤ ਕਈ ਸਾਬਕਾ ਰਾਸ਼ਟਰਪਤੀ ਕਈ ਵਾਰੀ ਤਾਂ ਖਿੱਝ ਵੀ ਗਏ। ਆਓ ਜਾਣਦੇ ਹਾਂ ਕਿ ਰਾਸ਼ਟਰਪਤੀ ਅਹੁਦੇ ਤੋਂ ਹੱਟਦੇ ਹੀ ਟਰੰਪ ‘ਤੇ ਕਿਹੜੇ-ਕਿਹੜੇ ਨਿਯਮ ਲਾਗੂ ਹੋ ਜਾਣਗੇ।
ਅਮਰੀਕਾ ਦੇ ਸਾਰੇ ਸਾਬਕਾ ਰਾਸ਼ਟਰਪਤੀਆਂ ਦੀ ਜ਼ਿੰਦਗੀ ਹਮੇਸ਼ਾ ਖਤਰੇ ਵਿਚ ਰਹਿੰਦੀ ਹੈ। ਇਸ ਲਈ ਉਨ੍ਹਾਂ ਨੂੰ ਉਮਰ ਭਰ ਸੁਰੱਖਿਆ ਮਿਲਦੀ ਹੈ ਅਤੇ ਸੀਕ੍ਰੇਟ ਸਰਵਿਸ ਏਜੰਟ ਹਮੇਸ਼ਾ ਉਨ੍ਹਾਂ ਦੇ ਨਾਲ ਹੁੰਦੇ ਹਨ। ਅਮਰੀਕਾ ਦਾ ਕੋਈ ਵੀ ਸਾਬਕਾ ਰਾਸ਼ਟਰਪਤੀ ਸੁਨਸਾਨ ਸੜਕਾਂ ‘ਤੇ ਤਾਂ ਡਰਾਈਵ ਕਰ ਸਕਦਾ ਹੈ, ਪਰ ਜਨਤਕ ਤੌਰ ‘ਤੇ ਡਰਾਈਵਿੰਗ ਨਹੀਂ ਕਰ ਸਕਦਾ। 1963 ਵਿਚ ਜਾਨ ਐੱਫ ਕੈਨੇਡੀ ਦੀ ਹੱਤਿਆ ਤੋਂ ਬਾਅਦ 1963 ਤੋਂ 1969 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ ਲਿੰਡਨ ਬੀ. ਜਾਨਸਨ ਉਹ ਆਖਰੀ ਰਾਸ਼ਟਰਪਤੀ ਸਨ ਜਿਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਵੀ ਡਰਾਈਵਿੰਗ ਕੀਤੀ ਸੀ।
ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ‘ਤੇ ਰਹਿੰਦੇ ਹੋਏ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮੁੱਦਿਆਂ ‘ਤੇ ਨਵੇਂ-ਨਵੇਂ ਅਪਡੇਟਸ ਮਿਲਦੇ ਰਹਿੰਦੇ ਹਨ, ਰਿਟਾਇਰਮੈਂਟ ਤੋਂ ਬਾਅਦ ਵੀ ਇਹ ਸਿਲਸਿਲਾ ਜਾਰੀ ਰਹਿੰਦਾ ਹੈ। ਸਾਬਕਾ ਰਾਸ਼ਟਰਪਤੀਆਂ ਤੋਂ ਰਾਸ਼ਟਰੀ ਸੁਰੱਖਿਆ ‘ਤੇ ਉਮਰ ਭਰ ਸਲਾਹ ਲਈ ਜਾਂਦੀ ਹੈ। ਜ਼ਿਕਰਯੋਗ ਹੈ ਕਿ 2018 ਵਿਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਜਾਣਕਾਰੀਆਂ ਤੋਂ ਵਾਂਝਾ ਰੱਖਣ ਦੀ ਧਮਕੀ ਦਿੱਤੀ ਸੀ। ਹਾਲਾਂਕਿ, ਬਾਅਦ ਵਿਚ ਟਰੰਪ ਨੇ ਇਸ ਖਬਰ ਨੂੰ ਗਲਤ ਦੱਸਿਆ ਸੀ।
1955 ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀਜ਼ ਐਕਟ ਦੇ ਤਹਿਤ ਹਰੇਕ ਸਾਬਕਾ ਰਾਸ਼ਟਰਪਤੀ ਦੇ ਨਾਂ ‘ਤੇ ਇਕ ਲਾਇਬ੍ਰੇਰੀ ਹੋਵੇਗੀ। ਇਸ ਲਾਇਬ੍ਰੇਰੀ ਵਿਚ ਸਬੰਧਿਤ ਵਿਅਕਤੀ ਦੇ ਰਾਸ਼ਟਰਪਤੀ ਦੇ ਤੌਰ ‘ਤੇ ਕੀਤੇ ਗਏ ਫੈਸਲਿਆਂ ਅਤੇ ਉਨ੍ਹਾਂ ਦੇ ਕਾਰਜਕਾਲ ਦੀਆਂ ਪ੍ਰਮੁੱਖ ਘਟਨਾਵਾਂ ਦੀਆਂ ਜਾਣਕਾਰੀਆਂ ਉਪਲੱਬਧ ਹੁੰਦੀਆਂ ਹਨ। ਇਹ ਫੈਸਲਾ ਉਦੋਂ ਹੋਇਆ ਜਦ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਆਪਣੇ ਕਾਰਜਕਾਲ ਵਿਚ ਹੋਏ ਵਿਸ਼ਵ ਪ੍ਰਸਿੱਧ ਵਾਟਰਗੇਟ ਕਾਂਡ ਨਾਲ ਸਬੰਧਿਤ ਜਾਣਕਾਰੀਆਂ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ।
ਸਾਬਕਾ ਰਾਸ਼ਟਰਪਤੀਆਂ ਦੇ ਨਾਂ ਆਉਣ ਵਾਲੇ ਪੈਕੇਜ, ਪੱਤਰ ਜਾਂ ਹੋਰ ਵਸਤਾਂ ਦੀ ਜਾਂਚ ਸੀਕ੍ਰੇਟ ਸਰਵਿਸ ਏਜੰਟ ਕਰਦੇ ਹਨ। ਅਮਰੀਕਾ ਦੀ ਪੋਸਟਲ ਸਰਵਿਸ ਵੀ ਸਾਬਕਾ ਰਾਸ਼ਟਰਪਤੀਆਂ ਦੇ ਨਾਂ ਆਏ ਪੈਕੇਜ ਦੀ ਡੂੰਘੀ ਜਾਂਚ-ਪੜਤਾਲ ਕਰਦੀ ਹੈ। ਉਨ੍ਹਾਂ ਦੇ ਫੋਨ, ਚੈੱਟ, ਮੈਸੇਜ ‘ਤੇ ਵੀ ਸੁਰੱਖਿਆ ਏਜੰਸੀਆਂ ਦੀ ਨਜ਼ਰ ਰਹਿੰਦੀ ਹੈ। ਇੰਨਾ ਹੀ ਨਹੀਂ, ਸਾਬਕਾ ਰਾਸ਼ਟਰਪਤੀ ਕਦੇ ਇਕੱਲੇ ਨਹੀਂ ਰਹਿ ਸਕਦੇ। ਉਨ੍ਹਾਂ ਦੇ ਨਾਲ ਹਮੇਸ਼ਾ ਸੀਕ੍ਰੇਟ ਸਰਵਿਸ ਦੇ ਮੈਂਬਰ ਪਰਛਾਵੇ ਦੀ ਤਰ੍ਹਾਂ ਰਹਿੰਦੇ ਹਨ।
